ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 13 ਸਤੰਬਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਫ਼ਰੀਦਕੋਟ ਵਿੱਚ ਕਿਸਾਨ ਮੇਲਾ ਲਗਾਇਆ ਗਿਆ। ਇਸ ਕਿਸਾਨ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦਿਆਂ ਹਲਕਾ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਯੂਨੀਵਰਸਿਟੀ ਮਾਹਿਰਾਂ ਵੱਲੋਂ ਕੀਤੀਆਂ ਅਤਿ ਆਧੁਨਿਕ ਖੋਜਾਂ ਨੂੰ ਕਿਸਾਨਾਂ ਦੀਆਂ ਬਰੂਹਾਂ ਤੱਕ ਪਹੁੰਚਾਉਣ ਵਿੱਚ ਕਿਸਾਨ ਮੇਲੇ ਅਹਿਮ ਭੂਮਿਕਾ ਨਿਭਾਉਂਦੇ ਹਨ। ਵਿਧਾਇਕ ਨੇ ਕਣਕ-ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਖੇਤੀ ਵੰਨ-ਸੁਵੰਨਤਾ ’ਤੇ ਜ਼ੋਰ ਦਿੰਦਿਆਂ ਕਿਸਾਨਾਂ ਨੂੰ ਖੁਦ ਹੱਥੀ ਮਿਹਨਤ ਕਰਨ, ਖੇਤੀ ਖਰਚੇ ਘਟਾਉਣ ਅਤੇ ਪੌਣ-ਪਾਣੀ ਬਚਾਉਣ ਲਈ ਰਲ ਕੇ ਹੰਭਲਾ ਮਾਰਨ ਦੀ ਤਾਕੀਦ ਕੀਤੀ। ਡਾ. ਸਤਬਿੀਰ ਸਿੰਘ ਗੋਸਲ ਵਾਈਸ ਚਾਂਸਲਰ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਕਿਹਾ ਕਿ ਕਿਸਾਨ ਮੇਲੇ ਕਿਸਾਨਾਂ ਅਤੇ ਖੇਤੀ ਮਾਹਿਰਾਂ ਨੂੰ ਇੱਕ ਦੂਜੇ ਤੋਂ ਸਿੱਖਣ ਦਾ ਮੌਕਾ ਦਿੰਦੇ ਹਨ। ਡਾ. ਅਸ਼ੋਕ ਕੁਮਾਰ ਨਿਰਦੇਸਕ ਪਸਾਰ ਸਿੱਖਿਆ, ਪੀ.ਏ.ਯੂ ਨੇ ਕਿਸਾਨਾਂ ਅਤੇ ਮਾਹਿਰਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਅਮਨਪ੍ਰੀਤ ਸਿੰਘ ਬਰਾੜ, ਡਾ. ਐੱਚਐੱਸ ਕਲਸੀ, ਡਾ. ਅਜੀਤ ਸਿੰਘ ਗਿੱਲ, ਡਾ. ਕੁਲਦੀਪ ਸਿੰਘ ਖੋਸਾ ਆਦਿ ਹਾਜ਼ਰ ਸਨ।