ਜੋਗਿੰਦਰ ਸਿੰਘ ਮਾਨ
ਮਾਨਸਾ, 13 ਜੂਨ
ਇਥੇ ਵਿਸ਼ਵ ਬਾਲ ਮਜ਼ਦੂਰੀ ਵਿਰੋਧੀ ਦਿਵਸ ਮੌਕੇ ਕਿਸੇ ਨੇ ਵੀ ਗਰੀਬ ਮਜ਼ਦੂਰ ਬੱਚਿਆਂ ਦੀ ਸਾਰ ਨਾ ਲਈ ਅਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਜਾਂ ਕਿਸੇ ਸੰਸਥਾ ਨੇ ਉਨ੍ਹਾਂ ਲਈ ਹਾਅ ਦਾ ਨਾਅਰਾ ਮਾਰਿਆ। ਅਧਿਕਾਰੀ, ਅਫ਼ਸਰ, ਸਿਆਸੀ ਆਗੂ, ਧਾਰਮਿਕ ਪ੍ਰਚਾਰਕ ਅਤੇ ਹੋਰ ਵੱਡੇ ਵਡੇਰੇ ਸਭ ਆਪਣੀ ਮੌਜ ਵਿੱਚ ਮਸਤ ਰਹੇ ਅਤੇ ਕਿਸੇ ਨੇ ਵੀ ਇਸ ਦਿਨ ਅਮਲੀ ਰੂਪ ਵਿਚ ਬਾਲ ਮਜ਼ਦੂਰਾਂ ਲਈ ਕੁਝ ਵੀ ਨਾ ਕੀਤਾ। ਇਥੋਂ ਤੱਕ ਕਿ ਬਾਲ ਮਜ਼ਦੂਰੀ ਵਿਰੋਧੀ ਕੋਈ ਸਮਾਗਮ ਵੀ ਪੂਰੇ ਜ਼ਿਲ੍ਹੇ ਵਿੱਚ ਨਹੀਂ ਕਰਵਾਇਆ ਗਿਆ। ਸਰਵੇ ਅਨੁਸਾਰ ਮਾਨਸਾ ਜ਼ਿਲ੍ਹੇ ਦੇ ਸੈਂਕੜੇ ਬੱਚਿਆਂ ਨੂੰ ਕਦੇ ਸਕੂਲ ਨਸੀਬ ਨਹੀਂ ਹੋਇਆ ਹੈ, ਜੋ ਝੁੱਗੀਆਂ-ਝੋਪੜੀਆਂ ’ਚ ਜਨਮ ਲੈ ਕੇ ਆਪਣੀ ਸੁਰਤ ਸੰਭਲਦਿਆਂ ਹੀ ਗੰਦ-ਮੰਦ ’ਚੋਂ ਕਾਗਜ਼ ਇਕੱਠੇ ਕਰ ਕੇ ਆਪਣਾ ਢਿੱਡ ਭਰਨ ਲਈ ਮਜਬੂਰ ਹੋ ਰਹੇ ਹਨ। ਅਧਿਕਾਰੀਆਂ ਦੀ ਇਸ ਸੁਸਤੀ ਕਾਰਨ ਮਾਨਸਾ ਜ਼ਿਲ੍ਹੇ ਵਿਚ ਬਾਲ-ਮਜ਼ਦੂਰੀ ਵੀ ਲਗਾਤਾਰ ਵੱਧਣ ਲੱਗੀ ਹੈ। ਬੇਸ਼ੱਕ ਬੰਧੂਆ ਮਜ਼ਦੂਰੀ ਰੋਕਣ ਲਈ ਬਣੀ ਜ਼ਿਲ੍ਹਾ ਵਿਜੀਲੈਂਸ ਕਮੇਟੀ ਦੀਆਂ ਮੀਟਿੰਗਾਂ ਹਰ ਮਹੀਨੇ ਹੀ ਹੁੰਦੀਆਂ ਹਨ, ਪਰ ਇਨ੍ਹਾਂ ਮੀਟਿੰਗਾਂ ਦੇ ਕਦੇ ਸਾਰਥਕ ਸਿੱਟੇ ਸਾਹਮਣੇ ਨਹੀਂ ਆਏ ਹਨ।
ਬਾਲ ਮਜ਼ਦੂਰੀ ਵਿਰੋਧੀ ਦਿਵਸ ਮਨਾਇਆ
ਭਾਈਰੂਪਾ (ਅਵਤਾਰ ਧਾਲੀਵਾਲ): ਸਿਹਤ ਕੇਂਦਰ ਢਿਪਾਲੀ ਵਿੱਚ ਸੀਨੀਅਰ ਮੈਡੀਕਲ ਅਫਸਰ ਭਗਤਾ ਭਾਈ ਕਾ ਡਾਕਟਰ ਰਾਜਪਾਲ ਸਿੰਘ ਦੇ ਦਿਸਾ ਨਿਰਦੇਸਾਂ ਅਨੁਸਾਰ ਛੋਟੇ ਬੱਚਿਆਂ ਨਾਲ ਗਰੁੱਪ ਮੀਟਿੰਗ ਕਰ ਕੇ ਬਾਲ ਮਜ਼ਦੂਰੀ ਵਿਰੋਧੀ ਦਿਵਸ ਮਨਾਇਆ ਗਿਆ, ਇਸ ਮੌਕੇ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਬਲਵੀਰ ਸਿੰਘ ਸੰਧੂ ਕਲਾਂ ਨੇ ਬੱਚਿਆਂ ਨੂੰ ਘਰਾਂ ਵਿੱਚ ਰਹਿਣ ਲਈ ਸੁਚੇਤ ਕੀਤਾ, ਸਕੂਲ ਸਿਲੇਬਸ ਦੇ ਨਾਲ-ਨਾਲ ਚੰਗੀਆਂ, ਉਸਾਰੂ ਵਿਚਾਰਧਾਰਾ ਵਾਲੀਆਂ ਕਿਤਾਬਾਂ ਪੜ੍ਹਨ ਵੱਲ ਪ੍ਰੇਰਿਤ ਕੀਤਾ, ਇਸ ਦੇ ਨਾਲ ਹੀ ਨਸ਼ਿਆਂ ਤੋਂ ਦੂਰ ਰਹਿ ਕੇ ਚੰਗੇ ਇਨਸਾਨ ਬਣਨ ਲਈ ਵੀ ਪ੍ਰੇਰਿਆ। ਇਸ ਮੌਕੇ ਸਿਹਤ ਕਰਮਚਾਰੀ ਬਲਦੇਵ ਸਿੰਘ, ਬੇਅੰਤ ਕੌਰ, ਕਰਮਜੀਤ ਕੌਰ, ਸੁਖਜਿੰਦਰ ਕੌਰ ਅਤੇ ਚਰਨਜੀਤ ਕੌਰ ਹਾਜ਼ਰ ਸਨ।
ਸ਼ਹਿਣਾ (ਪੱਤਰ ਪ੍ਰੇਰਕ): ਨੌਜਵਾਨ ਸਭਾ ਸ਼ਹਿਣਾ ਵੱਲੋਂ ਬਾਲ ਮਜ਼ਦੂਰ ਵਿਰੋਧੀ ਦਿਵਸ ਮਨਾਇਆ ਗਿਆ। ਕਲੱਬ ਆਗੂ ਦਲਜੀਤ ਸਿੰਘ, ਬਲਰਾਜ ਸਿੰਘ, ਜਰਨੈਲ ਸਿੰਘ, ਚਰਨਜੀਤ ਸਿੰਘ ਨੇ ਇਸ ਮੌਕੇ ‘ਤੇ ਕਿਹਾ ਕਿ 1986 ’ਚ ਪਾਸ ਕੀਤੇ ਬਾਲ ਮਜ਼ਦੂਰੀ ਰੋਕੂ ਦਿਵਸ ’ਚ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਕੰਮ ਕਰਾਉਣ ਦੀ ਮਨਜ਼ੂਰੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਭਾਰਤ ’ਚ ਬਾਲ ਮਜ਼ਦੂਰਾਂ ਦੀ ਗਿਣਤੀ 10 ਕਰੋੜ ਦੇ ਆਸ-ਪਾਸ ਹੈ ਅਤੇ ਬਾਲ ਮਜ਼ਦੂਰਾਂ ਨੂੰ ਮੁਕਤ ਕਰਾਉਣ ਦੇ ਨਿਯਮ ਸਖ਼ਤ ਨਹੀ ਹਨ।