ਐਨ.ਪੀ.ਸਿੰਘ
ਬੁਢਲਾਡਾ, 15 ਦਸੰਬਰ
ਇੱਥੇ ਅੱਜ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਬੁਢਲਾਡਾ ਦੇ ਰਿਲਾਇੰਸ ਦੇ ਪੈਟਰੋਲ ਪੰਪ ਉੱਤੇ ਆਰੰਭੇ 30 ਕਿਸਾਨ ਜੱਥੇਬੰਦੀਆਂ ਦੇ ਧਰਨੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀਆਂ ਪੋਹ ਮਹੀਨੇ ਹੋਈਆਂ ਸ਼ਹੀਦੀਆਂ ਨੂੰ ਮੁੱਖ ਰੱਖ ਕੇ ਕਿਸਾਨਾਂ ਵੱਲੋਂ 5 ਮਿੰਟ ਵਾਹਿਗੁਰੂ ਵਾਹਿਗੁਰੂ ਦਾ ਜਾਪ ਕੀਤਾ ਗਿਆ ਤੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਛੱਡੇ ਗਏ। ਕੁਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਸਵਰਨਜੀਤ ਸਿੰਘ ਦਲਿਓ ਦੀ ਸਰਪ੍ਰਸਤੀ ਹੇਠ ਚੱਲ ਰਹੇ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਹਰਿੰਦਰ ਸਿੰਘ ਸੋਢੀ, ਤੇਜ਼ ਰਾਮ ਅਹਿਮਦਪੁਰ, ਅਵਤਾਰ ਸਿੰਘ, ਦਰਸ਼ਨ ਸਿੰਘ ਰੱਲੀ ਨੇ ਕਿਹਾ ਕਿ ਪੰਜਾਬੀ ਆਪਣੇ ਸ਼ਾਨਾਮੱਤੇ ਇਤਿਹਾਸ ਤੋਂ ਪ੍ਰੇਰਣਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਪੋਹ ਦਾ ਮਹੀਨਾ ਜਬਰ ਜੁਲਮ ਤੇ ਹੱਕ ਸੱਚ ਤੇ ਇਨਸਾਫ਼ ਲਈ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਗੁਰੂ ਦਾ ਕਹਿਣਾ ਸੀ ਕਿ ਚਾਰ ਮੋਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ। ਉਨ੍ਹਾਂ ਕਿਹਾ ਕਿ ਹੁਣ ਤਾਂ ਅਸੀਂ ਪੂਰੇ ਹਿੰਦੁਸਤਾਨ ਦੇ ਚਾਰ ਨਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਲੱਖਾਂ ਲਾਲਾਂ ਨੇ ਆਪਣੇ ਹੱਕਾਂ ਲਈ ਦਿੱਲੀ ਘੇਰੀ ਹੋਈ ਹੈ। ਜਿਨ੍ਹਾਂ ਨੇ ਮੋਦੀ ਟੋਲੇ ਦੀਆਂ ਰਾਤ ਦਿਨ ਦੀਆਂ ਨੀਂਦਾਂ ਉਡਾਈਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜ਼ਮੀਨੀ ਹਲਾਤਾਂ ਤੋਂ ਅਨਜਾਣ ਹੈ। ਬੁਲਾਰਿਆਂ ਦਾ ਕਹਿਣਾ ਸੀ ਕਿ ਦੇਸ਼-ਵਿਆਪੀ ਡਿਪਟੀ ਕਮਿਸ਼ਨਰਾਂ ਦੇ ਘਿਰਾਓ ਵਾਲੇ ਲਾਮਿਸਾਲ ਐਕਸ਼ਨ ਨੇ ਮੋਦੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਹੈ।
ਭੁੱਚੋ ਮੰਡੀ (ਪੱਤਰ ਪ੍ਰੇਰਕ) ਪੋਹ ਦੀ ਹੱਡ ਚੀਰਵੀਂ ਠੰਡ ਦੇ ਬਾਵਜੂਦ ਲਹਿਰਾ ਬੇਗਾ ਟੌਲ ਪਲਾਜ਼ਾ ਤੇ ਬੈਸਟ ਪ੍ਰਾਈਸ ਮਾਲ ਮੋਰਚਿਆਂ ਵਿੱਚ ਕਿਸਾਨ ਡਟੇ ਰਹੇ। ਕੜਾਕੇ ਦੀ ਠੰਢ ਵੀ ਕਿਸਾਨਾਂ ਦੇ ਹੌਸਲੇ ਪਸਤ ਨਹੀਂ ਕਰ ਸਕੀ। ਸੰਘਰਸ਼ ਪ੍ਰਤੀ ਕਿਸਾਨਾਂ ਵਿੱਚ ਉਤਸ਼ਾਹ ਬਰਕਰਾਰ ਸੀ। ਇਸ ਮੌਕੇ ਵੱਡੀ ਗਿਣਤੀ ਵਿੱਚ ਮੌਜੂਦ ਕਿਸਾਨ ਔਰਤਾਂ ਨੇ ਮੋਦੀ ਸਰਕਾਰ ਖ਼ਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬਲਾਕ ਜਨਰਲ ਸਕੱਤਰ ਬਲਜੀਤ ਸਿੰਘ ਪੂਹਲਾ ਨੇ ਕਿਹਾ ਕਿ ਮੋਦੀ ਸਰਕਾਰ ਦੀ ਅੜ ਭੰਨਣ ਲਈ ਦਿੱਲੀ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾ ਰਿਹਾ ਹੈ। ਇਸ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ 16 ਦਸੰਬਰ ਨੂੰ ਸਵੇਰੇ ਬਲਾਕ ਨਥਾਣਾ ਦੇ ਵੱਖ ਵੱਖ ਪਿੰਡਾਂ ਤੋਂ ਕਿਸਾਨ ਜੱਥੇ ਦਿੱਲੀ ਲਈ ਰਵਾਨਾ ਹੋਣਗੇ। ਜਿਨ੍ਹਾਂ ਨੂੰ ਡੱਬਵਾਲੀ ਬਾਰਡਰ ’ਤੇ ਇਕੱਠੇ ਹੋਣ ਦੀ ਅਪੀਲ ਕੀਤੀ ਗਈ।