ਇਕਬਾਲ ਸਿੰਘ ਸ਼ਾਂਤ
ਲੰਬੀ, 26 ਮਈ
ਪੰਜਾਬ-ਹਰਿਆਣਾ ਦੇ ਸਰਹੱਦੀ ਹਲਕਿਆਂ ਲੰਬੀ, ਡੱਬਵਾਲੀ ਅਤੇ ਬਠਿੰਡਾ ਦਿਹਾਤੀ ਵਿੱਚ ਨਸ਼ਿਆਂ ਦਾ ਦਾਨਵ ਨਿੱਤ ਨੌਜਵਾਨੀ ਨੂੰ ਨਿਗਲ ਰਿਹਾ ਹੈ। ਨਸ਼ਿਆਂ ਬਾਰੇ ਹਾਲਾਤ ਪੁਲੀਸ ਅਤੇ ਪ੍ਰਸ਼ਾਸਨ ਦੇ ਵੱਸ ਵਿੱਚੋਂ ਨਿੱਕਲੇ ਹੋਏ ਹਨ। ਪੁਲੀਸ ਦੇ ਹੱਥ ਅਤੇ ਅੱਖਾਂ ਸਿਰਫ਼ ਗੋਂਗਲੂਆਂ ਤੋਂ ਮਿੱਟੀ ਝਾੜਨ ਤੱਕ ਸੀਮਤ ਹਨ। ਅੱਜ ਮੰਡੀ ਕਿੱਲਿਆਂਵਾਲੀ ਵਿਖੇ ਬੱਸ ਅੱਡੇ ਨੇੜੇ ਜਰਾਇਮ ਧੰਦਿਆਂ ਲਈ ਇੱਕ ਬਦਨਾਮ ਲਗਪਗ ਬੰਦ ਪਈ ਮਾਰਕੀਟ ਦੇ ਖਾਲੀ ਪਲਾਟ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ 27 ਸਾਲਾ ਨੌਜਵਾਨ ਦੀ ਮੌਤ ਹੋ ਗਈ। ਇਸ ਨੌਜਵਾਨ ਦੀ ਪਛਾਣ ਨਾਲ ਖਹਿੰਦੀ ਨਰਸਿੰਘ ਕਾਲੋਨੀ ਦੇ ਲੱਖਾ ਪੁੱਤਰ ਟੇਕ ਚੰਦ ਵਜੋਂ ਹੋਈ। ਸੂਚਨਾ ਮਿਲਣ ‘ਤੇ ਪੁੱਜੇ ਮਾਪਿਆਂ ਨੂੰ ਲੱਖਾ ਆਖ਼ਰੀ ਸਾਹਾਂ ‘ਤੇ ਮਿਲਿਆ। ਵੱਡਾ ਭਰਾ ਬਲਜੀਤ, ਜੀਜਾ ਪਵਨ ਕੁਮਾਰ ਅਤੇ ਭੈਣਾਂ ਉਸ ਨੂੰ ਡਾਕਟਰ ਕੋਲ ਲੈ ਗਏ ਤਾਂ ਜਿਥੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਪੁੱਤਰ ਦੀ ਲਾਸ਼ ਕੋਲ ਵਿਰਲਾਪ ਕਰਦੀ ਉਸ ਦੀ ਮਾਂ ਰਾਣੀ ਕੌਰ ਨੇ ਦੱਸਿਆ ਕਿ ਲੱਖਾ ਟਰੱਕ ਟਰਾਲੇ ’ਤੇ ਕੰਡਕਟਰ/ਕਲੀਨਰ ਕੰਮ ਕਰਦਾ ਸੀ। ਹੁਣ ਨੌਕਰੀ ਤੋਂ ਹਟ ਗਿਆ ਸੀ। ਉਹ ਉਸ ਨੂੰ ਨਸ਼ਿਆਂ ਤੋਂ ਰੋਕਦੇ ਸਨ ਜਿਸ ਕਰਕੇ ਉਹ ਬੀਤੇ 5-6 ਦਿਨਾਂ ਤੋਂ ਘਰੋਂ ਚਲਾ ਗਿਆ ਸੀ। ਪੋਸਟਮਾਰਟਮ ਕਰਵਾਉਣ ਬਾਰੇ ਪੁੱਛੇ ਜਾਣ ’ਤੇ ਉਸਦੀ ਮਾਂ ਨੇ ਕਿਹਾ ਕਿ ਉਹ ਪੁੱਤਰ ਦੀ ਮਿੱਟੀ ਹੋਰ ਖ਼ਰਾਬ ਨਹੀਂ ਕਰਨਾ ਚਾਹੁੰਦੇ। ਪੁਲੀਸ ਅਤੇ ਸਰਕਾਰ ਨੂੰ ਨਸ਼ਾ ਤਸਕਰਾਂ ਦੀ ਪੂਰੀ ਜਾਣਕਾਰੀ ਹੁੰਦੀ ਹੈ, ਉਹ ਆਪਣੇ ਪੱਧਰ ’ਤੇ ਨੱਥ ਪਾ ਕੇ ਕਾਰਵਾਈ ਕਰੇ।
ਉਸ ਦੀ ਭੈਣ ਮਨਪ੍ਰੀਤ ਕੌਰ ਨੇ ਕਿਹਾ ਕਿ ਨਸ਼ਿਆਂ ਨੇ ਉਸ ਦਾ ਨੌਜਵਾਨ ਭਰਾ ਖੋਹ ਲਿਆ। ਉਸ ਭੈਣ ਰਮਨਪ੍ਰੀਤ ਕੌਰ ਨੇ ਕਿਹਾ ਕਿ ਜਦੋਂ ਉਹ ਮਾਰਕੀਟ ’ਚੋਂ ਗੰਭੀਰ ਹਾਲਤ ਵਿੱਚ ਲੱਖਾ ਨੂੰ ਲੈ ਕੇ ਗਏ ਤਾਂ ਉਥੇ ਦੋ ਹੋਰ ਨੌਜਵਾਨ ਵੀ ਨਸ਼ੇ ਦੀ ਟੀਕੇ ਲਗਾ ਰਹੇ ਸਨ। ਥਾਣਾ ਲੰਬੀ ਦੇ ਮੁਖੀ ਮਨਿੰਦਰ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਵਾਰਸ ਬਿਆਨ ਲਿਖਵਾਉਣ। ਪੁਲੀਸ ਤੁਰੰਤ ਮੁਲਜ਼ਮਾਂ ਖਿਲਾਫ਼ ਕਾਰਵਾਈ ਕਰੇਗੀ।
ਇਲਾਕੇ ’ਚ ਨਸ਼ਿਆਂ ਦੀ ਓਵਰਡੋਜ਼ ਕਾਰਨ ਮੌਤਾਂ ਦਾ ਸਿਲਸਿਲਾ ਜਾਰੀ
ਬੀਤੇ ਹਫ਼ਤੇ ਵਿੱਚ ਪੰਜਾਬ ਦੀ ਹੱਦ ’ਤੇ ਸਥਿਤ ਹਰਿਆਣਾ ਦੇ ਪਿੰਡ ਲੋਹਗੜ੍ਹ ’ਚ ਕਰਨੀ ਸਿੰਘ ਨਹਿਰ ਦੇ ਕੰਢਿਓਂ ਰਾਜਸਥਾਨ ਢਾਬਾਂ ਵਾਸੀ ਨੌਜਵਾਨ ਅਭੈ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ। ਉਸ ਤੋਂ ਕਰੀਬ ਇੱਕ ਦਿਨ ਪਹਿਲਾਂ ਲੋਹਗੜ੍ਹ ਦੇ ਗੁਆਂਢੀ ਪਿੰਡ ਸਕਤਾਖੇੜਾ ਵਿੱਚ 30 ਸਾਲਾ ਗੁਰਪ੍ਰੀਤ ਉਰਫ਼ ਗੌਰੀ ਦੀ ਲਾਸ਼ ਮਿਲੀ ਸੀ। ਉਸ ਦੇ ਹੱਥ ’ਤੇ ਨਸ਼ੇ ਦੀ ਸਰਿੰਜ ਲੱਗੀ ਹੋਈ ਸੀ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਹੱਦੀ ਖੇਤਰ ’ਚ ਮੈਡੀਕਲ ਨਸ਼ੇ ਅਤੇ ਚਿੱਟੇ ਦੀ ਭਰਮਾਰ ਹੈ। ਆਮ ਜਨਤਾ ਦੇ ਇਸ ਵਿਰੁੱਧ ਡਟੇ ਬਗੈਰ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲ ਸਕਦਾ।