ਪੱਤਰ ਪੇ੍ਰਕ
ਲੰਬੀ, 25 ਨਵੰਬਰ
ਕਰੋਨਾ ਦੀ ਲਾਗ ਜਵਾਹਰ ਨਵੋਦਿਆ ਵਿਦਿਆਲਿਆ ਵੜਿੰਗਖੇੜਾ ਦਾ ਖਹਿੜਾ ਛੱਡਦੀ ਨਜ਼ਰ ਨਹੀਂ ਆ ਰਹੀ। ਅੱਜ ਫਿਰ ਇੱਕ ਹੋਰ ਵਿਦਿਆਰਥੀ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਿਸ ਦੀ ਪੁਸ਼ਟੀ ਵਿਦਿਆਲੇ ਦੇ ਪ੍ਰਿੰਸੀਪਲ ਐਸ.ਕੇ. ਠਾਕੁਰ ਨੇ ਕੀਤੀ ਹੈ। ਉਨ੍ਹਾਂ ਮੁਤਾਬਕ ਇਹ ਪਾਜ਼ੇਟਿਵ ਬਕਾਇਆ 95 ਸੈਂਪਲਾਂ ਵਿੱਚੋਂ ਆਈ ਹੈ। ਨੌਵੀਂ ਜਮਾਤ ਦੇ ਪਾਜ਼ੇਟਿਵ ਆਏ ਵਿਦਿਆਰਥੀ ਨੂੰ ਹੋਸਟਲ ’ਚ ਏਕਾਂਤਵਾਸ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅੱਠਵੀਂ ਅਤੇ ਨੌਵੀਂ ਜਮਾਤ ਦੇ 14 ਵਿਦਿਆਰਥੀ ਕਰੋਨਾ ਪਾਜ਼ੇਟਿਵ ਪਾਏ ਜਾ ਚੁੱਕੇ ਹਨ। ਪ੍ਰਿੰਸੀਪਲ ਨੇ ਕਿਹਾ ਪਹਿਲਾਂ ਤੋਂ ਪਾਜ਼ੇਟਿਵ ਸਾਰੇ ਵਿਦਿਆਰਥੀ ਭਲੇ-ਚੰਗੇ ਹਨ ਅਤੇ ਸਭ ਖੇਡਾਂ ਜ਼ਰੀਏ ਏਕਾਂਤਵਾਸ ਦਾ ਸਮਾਂ ਲੰਘਾ ਰਹੇ ਹਨ।
ਉਨ੍ਹਾਂ ਕਿਹਾ ਕਿ ਪਾਜ਼ੇਟਿਵ ਵਿਦਿਆਰਥੀਆਂ ਨੂੰ ਹਾਂ-ਪੱਖੀ ਮਾਹੌਲ ਅਤੇ ਸਮੁੱਚੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸਿਹਤ ਵਰਕਰ ਸਵਰਨ ਸਿੰਘ ਨੇ ਕਿਹਾ ਕਿ ਸਕੂਲ ਦੀ ਮੰਗ ’ਤੇ ਪਾਜ਼ੇਟਿਵ ਆਏ ਵਿਦਿਆਰਥੀ ਨੂੰ ਫਤਿਹ ਕਿੱਟ ਮੁਹੱਈਆ ਕਰਵਾ ਦਿੱਤੀ ਗਈ ਹੈ।