ਫਰੀਦਕੋਟ (ਜਸਵੰਤ ਜੱਸ) ਫਰੀਦਕੋਟ ਜ਼ਿਲੇ ’ਚ ਇੱਕ ਹੋਰ ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ। ਜਿਸ ਨਾਲ ਹੁਣ ਫਰੀਦਕੋਟ ਵਿੱਚ ਕਰੋਨਾ ਪਾਜ਼ੇਟਿਵ ਐਕਟਿਵ ਕੇਸਾਂ ਦੀ ਗਿਣਤੀ ਪੰਜ ਹੋ ਗਈ ਹੈ। ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਆ ਕਿ ਨਵਾਂ ਆਇਆ ਕਰੋਨਾ ਪਾਜ਼ੇਟਿਵ ਕੇਸ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸਿਰਸੜੀ ਦੀ 24 ਸਾਲਾ ਗਰਭਵਤੀ ਔਰਤ ਗੁਰਪ੍ਰੀਤ ਕੌਰ ਦਾ ਹੈ ਜਿਸ ਨੂੰ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਭਰਤੀ ਕੀਤਾ ਗਿਆ ਹੈ। ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ‘ਚੋਂ ਅੱਜ ਤੱਕ ਕਰੋਨਾ ਦੇ 5396 ਸੈਂਪਲ ਲੈਬ ਵਿੱਚ ਭੇਜੇ ਜਾ ਚੁੱਕੇ ਹਨ। ਜਿਨ੍ਹਾਂ ਵਿੱਚੋਂ 258 ਸੈਂਪਲਾਂ ਦੇ ਨਤੀਜੇ ਆਉਣੇ ਬਾਕੀ ਹਨ। ਪ੍ਰਾਪਤ ਨਤੀਜਿਆਂ ਵਿੱਚ 4983 ਰਿਪੋਰਟਾਂ ਨੈਗੇਟਿਵ ਆਈਆਂ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਕੋਟਕਪੂਰਾ, ਜੈਤੋ, ਬਾਜਾਖਾਨਾ, ਸਾਦਿਕ ਤੇ ਫਰੀਦਕੋਟ ’ਚ ਸਥਾਪਿਤ ਫਲੂ ਕਾਰਨਰ ’ਚ ਸੈਂਪਲ ਇਕੱਤਰ ਕਰਕੇ ਲੈਬ ਨੂੰ ਜਾਂਚ ਲਈ ਭੇਜੇ ਜਾ ਰਹੇ ਹਨ।
ਜ਼ਿਲ੍ਹਾ ਕੋਵਿਡ ਹਸਪਤਾਲ ’ਚ ਚਾਰ ਪਾਜ਼ੇਟਿਵ ਮਰੀਜ਼ ਜ਼ੇਰੇ ਇਲਾਜ
ਮਲੋਟ (ਲਖਵਿੰਦਰ ਸਿੰਘ) ਪਿੰਡ ਥੇਹੜੀ ਸਾਬ੍ਹ ਵਿਖੇ ਸਥਿਤ 100 ਬਿਸਤਰਿਆਂ ਵਾਲੇ ਸਰਕਾਰੀ ਨਸ਼ਾ ਛੁਡਾਉ ਤੇ ਮੁੜ ਵਸੇਬਾ ਕੇਂਦਰ ਵਿੱਚ ਪਿਛਲੇ ਦਿਨੀਂ ਸ਼ਿਫਟ ਕੀਤੇ ਗਏ ਜ਼ਿਲ੍ਹਾ ਕੋਵਿਡ ਹਸਪਤਾਲ ’ਚ ਮਲੋਟ ਤੇ ਲੰਬੀ ਦੇ ਵਸਨੀਕ ਚਾਰ ਕੋਵਿਡ ਪਾਜ਼ੇਟਿਵ ਮਰੀਜ਼ਾਂ ਦਾ ਇਲਾਜ ਐੱਸਐੱਮਓ ਡਾ. ਸੁਨੀਲ ਬਾਂਸਲ ਅਤੇ ਡਾ. ਪ੍ਰਭਜੀਤ ਸਿੰਘ ਦੀ ਨਿਗਰਾਨੀ ਹੇਠ ਚੱਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਬਾਂਸਲ ਨੇ ਦੱਸਿਆ ਕਿ ਡਾ. ਪ੍ਰਭਜੀਤ ਸਿੰਘ ਸਮੇਤ ਉਥੇ ਮੌਜੂਦ 45 ਦੇ ਕਰੀਬ ਹੋਰ ਵੱਖ ਵੱਖ ਸਟਾਫ ਮੈਂਬਰ ਮਰੀਜ਼ਾਂ ਦੀ ਦੇਖਭਾਲ ਕਰ ਰਹੇ ਹਨ। ਇਸ ਤੋਂ ਇਲਾਵਾ ਰੋਟੀ ਪਾਣੀ, ਦਵਾਈਆਂ ਤੇ ਟੈਸਟ ਆਦਿ ਦਾ ਸਾਰਾ ਪ੍ਰਬੰਧ ਕੋਵਿਡ ਹਸਪਤਾਲ ਦੇ ਅੰਦਰ ਹੀ ਕੀਤਾ ਗਿਆ ਹੈ ਤੇ ਸੁਰੱਖਿਆ ਦੇ ਪੱਖ ਤੋਂ ਇੱਕ ਥਾਣੇਦਾਰ ਸਮੇਤ ਅੱਧੀ ਦਰਜਨ ਦੇ ਕਰੀਬ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕੋਵਿਡ ਸੈਂਟਰ ’ਚ ਮੌਜੂਦ ਸਟਾਫ ਨੂੰ ਸਖਤ ਹਦਾਇਤਾਂ ਹਨ ਕਿ ਉਹ ਮਰੀਜ਼ਾਂ ਦਾ ਇਲਾਜ ਕਰਨ ਦੇ ਨਾਲ ਨਾਲ ਆਪਣਾ ਖਿਆਲ ਵੀ ਰੱਖਣ ਤੇ ਹਰ ਪ੍ਰਕਾਰ ਦਾ ਅਹਿਤਿਆਤ ਵਰਤਣ।
ਦਿੱਲੀ ਤੋਂ ਝੰਡਾ ਕਲਾਂ ਪਰਤੇ ਪਤੀ-ਪਤਨੀ ਕਰੋਨਾ ਪਾਜ਼ੇਟਿਵ
ਸਰਦੂਲਗੜ੍ਹ (ਬਲਜੀਤ ਸਿੰਘ) ਜ਼ਿਲਾ ਮਾਨਸਾ ਕਰੋਨਾ ਮੁਕਤ ਹੋਣ ਮਗਰੋਂ ਫਿਰ ਜ਼ਿਲ੍ਹੇ ਦੇ ਪਿੰਡ ਝੰਡਾ ਕਲਾਂ ’ਚ ਪਤੀ-ਪਤਨੀ ਕਰੋਨਾ ਪਾਜ਼ੇਟਿਵ ਆਉਣ ਕਰਕੇ ਮਾਨਸਾ ਫਿਰ ਤੋਂ ਕਰੋਨਾ ਪੀੜਤ ਜ਼ਿਲ੍ਹਾ ਬਣ ਗਿਆ ਹੈ। ਸਬ-ਡਵੀਜ਼ਨ ਸਰਦੂਲਗੜ੍ਹ ਵਿੱਚ ਅੱਜ 2 ਨਵੇਂ ਮਾਮਲੇ ਸਾਹਮਣੇ ਆਏ ਹਨ। ਐੱਸਐੱਮਓ ਹਰਚੰਦ ਸਿੰਘ ਨੇ ਦੱਸਿਆ ਕਿ ਲੰਘੀ 3 ਜੂਨ ਨੂੰ ਸਰਦੂਲਗੜ੍ਹ ਹਸਪਤਾਲ ’ਚ ਕੁੱਲ 26 ਵਿਅਕਤੀਆਂ ਦੇ ਕਰੋਨਾ ਟੈਸਟ ਕੀਤੇ ਗਏ ਸਨ। ਜਿਨ੍ਹਾਂ ਦੀ ਰਿਪੋਰਟ ਅੱਜ ਆਉਣ ’ਤੇ 2 ਮਰੀਜ਼ਾਂ ਦੇ ਟੈਸਟ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸਰਦੂਲਗੜ੍ਹ ਦੇ ਪਿੰਡ ਝੰਡਾ ਕਲਾਂ ਦੇ ਇੱਕ ਪਰਿਵਾਰ ਵਿੱਚੋਂ ਪਤੀ-ਪਤਨੀ ਜਿਨ੍ਹਾਂ ਵਿੱਚ ਪ੍ਰੀਤਮ ਸਿੰਘ (29) ਪੁੱਤਰ ਸੁਰਜੀਤ ਸਿੰਘ ਤੇ ਉਸ ਦੀ ਪਤਨੀ ਮਿਨਾਕਸ਼ੀ (27) ਸ਼ਾਮਲ ਹਨ। ਉਹ ਪਿਛਲੇ ਸਮੇਂ ਤੋਂ ਦਿੱਲੀ ਰਹਿ ਰਹੇ ਸਨ। ਜੋ 1 ਜੂਨ ਨੂੰ ਦਿੱਲੀ ਤੋਂ ਪਿੰਡ ਆਏ ਸਨ ਤੇ ਉਨ੍ਹਾਂ ਨੂੰ ਆਪਣੇ ਹੀ ਘਰ ਵਿੱਚ ਇਕਾਂਤਵਾਸ ਕੀਤਾ ਗਿਆ ਸੀ। ਸਿਹਤ ਵਿਭਾਗ ਵੱਲੋਂ ਉਨ੍ਹਾਂ ਦੇ ਸੰਪਰਕ ’ਚ ਆਉਣ ਵਾਲੇ ਹਰ ਵਿਅਕਤੀ ਦੀ ਲਿਸਟ ਬਣਾ ਕੇ ਉਨ੍ਹਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ।
ਬਠਿੰਡਾ ’ਚ ਇਕ ਹੋਰ ਕਰੋਨਾ ਕੇਸ ਸਾਹਮਣੇ ਆਇਆ
ਬਠਿੰਡਾ (ਮਨੋਜ ਸ਼ਰਮਾ) ਬਠਿੰਡਾ ਜ਼ਿਲ੍ਹੇ ਵਿਚ ਕੋਵਿਡ-19 ਦਾ ਇਕ ਹੋਰ ਪਾਜ਼ੇਟਿਵ ਕੇਸ ਅੱਜ ਸਾਮਹਣੇ ਆਇਆ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀਨਿਵਾਸਨ ਨੇ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਬਿਨਾਂ ਅੱਜ 102 ਨੈਗੇਟਿਵ ਰਿਪੋਰਟਾਂ ਵੀ ਪ੍ਰਾਪਤ ਹੋਈਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਪਾਜ਼ੇਟਿਵ ਆਏ ਕੇਸ ਨਾਲ ਜ਼ਿਲ੍ਹੇ ਵਿਚ ਹੁਣ ਤੱਕ ਪਾਜੇਟਿਵ ਕੇਸਾਂ ਦੀ ਗਿਣਤੀ 60 ਹੋ ਗਈ ਹੈ। ਇਨ੍ਹਾਂ ਵਿੱਚੋਂ 50 ਲੋਕ ਠੀਕ ਹੋ ਕੇ ਘਰ ਪੁੱਜ ਚੁੱਕੇ ਹਨ ਤੇ 10 ਕੇਸ ਐਕਟਿਵ ਹਨ। ਜਦੋਂਕਿ ਜ਼ਿਲ੍ਹੇ ’ਚ ਕੋਈ ਮੌਤ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਅੱਜ ਜੋ ਕੇਸ ਪਾਜ਼ੇਟਿਵ ਆਇਆ ਹੈ ਉਹ ਪਹਿਲਾਂ ਤੋਂ ਪਾਜ਼ੇਟਿਵ ਕੇਸ ਦੇ ਸੰਪਰਕਾਂ ’ਚੋਂ ਸੀ। ਉਸਦੀ ਉਮਰ 10 ਸਾਲ ਹੈ ਤੇ ਲੜਕੀ ਹੈ। ਉਹ ਰਾਮਪੁਰਾ ਤਹਿਸੀਲ ਨਾਲ ਸਬੰਧਤ ਹੈ।