ਪੱਤਰ ਪ੍ਰੇਰਕ
ਗਿੱਦੜਬਾਹਾ, 8 ਅਕਤੂਬਰ
ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਪੰਜਾਬ ਬ੍ਰਾਂਚ ਗਿੱਦੜਬਾਹਾ ਦੀ ਮੀਟਿੰਗ ਰਾਮਜੀ ਸਿੰਘ ਭਲਾਈਆਣਾ ਦੀ ਪ੍ਰਧਾਨਗੀ ਹੇਠ ਮੇਨ ਵਾਟਰ ਵਰਕਸ ਗਿੱਦੜਬਾਹਾ ਵਿੱਚ ਹੋਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨੂੰ 11 ਅਕਤੂਬਰ ਤੱਕ ਬਕਾਇਆ ਤਨਖਾਹਾਂ ਨਾ ਜਾਰੀ ਕੀਤੀਆਂ ਗਈਆਂ ਤਾਂ 12 ਅਕਤੂਬਰ ਨੂੰ ਉਨ੍ਹਾਂ ਵੱਲੋਂ ਧਰਨਾ ਲਾਇਆ ਜਾਵੇਗਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਪਵਨ ਮੌਂਗਾ ਨੇ ਦੱਸਿਆ ਕਿ ਮੇਨ ਵਾਟਰ ਵਰਕਸ ਸ਼ਹਿਰ ਗਿੱਦੜਬਾਹਾ ਅਤੇ ਸੀਵਰੇਜ ਸਿਸਟਮ ’ਤੇ ਕੰਮ ਕਰਦੇ ਰੈਗੂਲਰ ਅਤੇ ਆਊਟਸੋਰਸਿੰਗ ਕਰਮਚਾਰੀਆਂ ਦੀਆਂ ਅਗਸਤ ਅਤੇ ਸਤੰਬਰ ਮਹੀਨੇ ਦੀਆਂ ਤਨਖਾਹਾਂ ਜਾਰੀ ਕਰਨ ਸਬੰਧੀ ਕਾਰਜਕਾਰੀ ਇੰਜਨੀਅਰ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਮੰਡਲ ਨੰਬਰ-2 ਬਠਿੰਡਾ ਵੱਲੋਂ ਲਗਾਤਾਰ ਟਾਲਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਮੰਡਲ ਇੰਜਨੀਅਰ ਅਤੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਕਈ ਵਾਰ ਲਿਆਂਦਾ ਜਾ ਚੁੱਕਾ ਹੈ ਪਰ ਬਠਿੰਡਾ ਦੇ ਐਕਸੀਅਨ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਇਸੇ ਰੋਸ ਵਜੋਂ ਉਨ੍ਹਾਂ ਧਰਨੇ ਦਾ ਐਲਾਨ ਕੀਤਾ ਹੈ।