ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 7 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕੇਂਦਰ ਤੇ ਪੰਜਾਬ ਸਰਕਾਰ ’ਤੇ ਕਿਸਾਨਾਂ, ਖੇਤ ਮਜ਼ਦੂਰਾਂ ਤੇ ਹੋਰ ਕਿਰਤੀਆਂ ਦੀਆਂ ਭਖ਼ਦੀਆਂ ਮੰਗਾਂ ਪ੍ਰਤੀ ਚੁੱਪ ਵੱਟਣ ਅਤੇ ਸਾਮਰਾਜ ਪੱਖੀ ਫ਼ੈਸਲੇ ਲਾਗੂ ਕਰਨ ਦਾ ਦੋਸ਼ ਲਾਉਂਦਿਆਂ 9 ਅਕਤੂਬਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਾਉਣ ਦਾ ਐਲਾਨ ਕੀਤਾ ਹੈ। ਇੱਥੇ ਮੀਟਿੰਗ ਦੌਰਾਨ ਯੂਨੀਅਨ ਦੇ ਬਲਾਕ ਪ੍ਰਧਾਨ ਰਾਜਾ ਸਿੰਘ ਮਹਾਂਬੱਧਰ, ਜ਼ਿਲ੍ਹਾ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ, ਜੁਗਿੰਦਰ ਸਿੰਘ ਬੁੱਟਰ ਸ਼ਰ੍ਹੀਂ, ਸੁਖਰਾਜ ਸਿੰਘ, ਮੋਹਨ ਸਿੰਘ ਸਰਪੰਚ, ਗੁਰਚਰਨ ਸਿੰਘ ਗੰਧੜ ਅਤੇ ਹਰਫੂਲ ਸਿੰਘ ਭਾਗਸਰ ਨੇ ਦੱਸਿਆ ਕਿ ਸੂਬਾ ਤੇ ਕੇਂਦਰ ਸਰਕਾਰ ਜਾਣ-ਬੁੱਝ ਕੇ ਮੰਗਾਂ-ਮਸਲੇ ਲਟਕਾ ਰਹੀ ਹੈ| ਉਨ੍ਹਾਂ ਮੰਗ ਕੀਤੀ ਕਿ ਗੁਲਾਬੀ ਸੁੰਡੀ ਤੇ ਨਕਲੀ ਕੀਟਨਾਸ਼ਕਾਂ, ਬੀਜਾਂ, ਖਾਦਾਂ ਅਤੇ ਗੜ੍ਹੇਮਾਰੀ-ਬਾਰਸ਼ਾਂ ਨਾਲ ਜ਼ਿਲ੍ਹਿਆਂ ’ਚ ਤਬਾਹ ਹੋਈਆਂ ਫ਼ਸਲਾਂ ਅਤੇ ਮਕਾਨਾਂ ਦਾ ਮੁਆਵਜ਼ਾ ਬਿਨਾਂ ਪੱਖਪਾਤ ਜਲਦੀ ਤੋਂ ਜਲਦੀ ਦਿੱਤਾ ਜਾਵੇ। ਦਰਿਆਈ ਪਾਣੀਆਂ ਦੀ ਮਾਲਕੀ ਸਾਮਰਾਜੀ ਕਾਰਪੋਰੇਟਾਂ ਨੂੰ ਸੌਂਪਣ ਵਾਲੀ ‘ਸੰਸਾਰ ਬੈਂਕ ਜਲ ਨੀਤੀ’ ਰੱਦ ਕੀਤੀ ਜਾਵੇ। ਖੁਦਕਸ਼ੀ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਐੱਮਐੱਸਪੀ ਲਾਗੂ ਕਰਨ ਸਣੇ ਸਾਰੀਆਂ ਮੰਗਾਂ ਲਾਗੂ ਕੀਤੀਆਂ ਜਾਣ। ਲੰਪੀ ਸਕਿਨ ਨਾਲ ਮਰਨ ਵਾਲੇ ਪਸ਼ੂਆਂ ਸਬੰਧੀ ਮੁਆਵਜ਼ਾ ਦਿੱਤਾ ਜਾਵੇ।