ਖੇਤਰੀ ਪ੍ਰਤੀਨਿਧ
ਬਰਨਾਲਾ, 5 ਮਈ
ਲੰਘੀ 15 ਅਪਰੈਲ ਤੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਅਣਮਿਥੇ ਸਮੇਂ ਲਈ ਕਲਮ ਛੋੜ ਹੜਤਾਲ, ’ਤੇ ਚੱਲ ਰਹੇ ਪੰਜਾਬ ਰਾਜ ਲੈਂਡ ਮਾਰਗੇਜ਼ ਬੈਂਕਾਂ ਦੇ ਸਮੂਹ ਮੁਲਾਜ਼ਮਾਂ ਨੇ ਹੁਣ ਸੂਬੇ ਦੇ ਸਮੂਹ ਸੰਸਦੀ ਹਲਕਿਆਂ ਵਿੱਚ ‘ਆਪ’ ਉਮੀਦਵਾਰਾਂ ਦੇ ਵਿਰੋਧ ਦਾ ਐਲਾਨ ਕਰਦਿਆਂ 7 ਮਈ ਨੂੰ ਫਰੀਦਕੋਟ ਸੰਸਦੀ ਹਲਕੇ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਕੇ ਇਹ ਮੁਹਿੰਮ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ। ਲੈਂਡ ਮਾਰਟਗੇਜ਼ ਬੈਂਕਸ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਿੱਲ, ਜਰਨਲ ਸਕੱਤਰ ਧਰਮਿੰਦਰ ਸਿੰਘ ਸੰਧੂ, ਮੀਤ ਪ੍ਰਧਾਨ ਮਨਦੀਪ ਕੌਰ ਅਤੇ ਵਿੱਤ ਸਕੱਤਰ ਵਿਸ਼ਵਦੀਪ ਸਿੰਘ ਬਰਾੜ ਨੇ ਕਿਹਾ ਕਿ ਬੈਂਕ ਮੈਨੇਜਮੈਂਟ ਅਤੇ ਸੂਬਾ ਸਰਕਾਰ ਵੱਲੋਂ ਛੇਵਾਂ ਪੇਅ ਕਮਿਸ਼ਨ ਲਾਗੂ ਨਾ ਕਰਨ, ਤਰੱਕੀਆਂ ਨਾ ਕਰਨ ਅਤੇ ਬੈਂਕ ਦੇ ਕਰਜ਼ਾ ਵੰਡ ਪ੍ਰੋਗਰਾਮ ਜਾਰੀ ਨਾ ਕਰਨ ਸਬੰਧੀ ਤੇ ਟਾਲ-ਮਟੋਲ ਦੀ ਅਪਣਾਈ ਨੀਤੀ ਦੇ ਚਲਦਿਆਂ ਰੋਸ ਵਜੋਂ 15 ਅਪਰੈਲ ਤੋਂ ਹੜਤਾਲ ‘ਤੇ ਹਨ।ਮੁੱਖ ਮੰਤਰੀ ਭਗਵੰਤ ਮਾਨ ਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਜਾਣੂ ਕਰਵਾਉਣ ਦੇ ਬਾਵਜੂਦ ਸਰਕਾਰ ਦੇ ਕੰਨ ’ਤੇ ਜੂੰਅ ਨਹੀਂ ਸਰਕੀ।ਸਿੱਟੇ ਵਜੋਂ ਜਥੇਬੰਦੀ ਨੇ ਹੁਣ ਸਰਕਾਰ ਖ਼ਿਲਾਫ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਫੈਸਲਾ ਲਿਆ ਹੈ।