ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 23 ਅਕਤੂਬਰ
ਖੇਤ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਭੁੱਟੀਵਾਲਾ ’ਚ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਾਲੇ ਚੋਲੇ ਪਾ ਕੇ ਅਤੇ ਕਾਲ਼ੀਆਂ ਝੰਡੀਆਂ ਨਾਲ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਖਜ਼ਾਨਚੀ ਬਾਜ ਸਿੰਘ ਭੁੱਟੀਵਾਲਾ ਨੇ ਆਖਿਆ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਮਜ਼ਦੂਰ ਜੱਥੇਬੰਦੀਆਂ ਦੀ ਮੀਟਿੰਗ ਵਿੱਚ ਮਜ਼ਦੂਰਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਚਾਰ ਦਿਨਾਂ ਤਕ ਮਨਰੇਗਾ ਕੰਮ ਦੇ ਪੈਸੇ ਪਾ ਦਿੱਤੇ ਜਾਣਗੇ। ਇਸ ਕਾਰਨ ਮਜ਼ਦੂਰਾਂ ਨੂੰ ਬਹੁਤ ਵੱਡੀ ਆਸ ਸੀ ਕਿ ਦੀਵਾਲੀ ਤੋਂ ਪਹਿਲਾਂ ਮਿਲੇ ਪੈਸਿਆਂ ਨਾਲ ਆਪਣੇ ਬੱਚਿਆਂ ਨੂੰ ਕੁਝ ਨਾ ਕੁਝ ਖਰੀਦ ਕੇ ਲੈ ਦੇਣਗੇ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਮਜ਼ਦੂਰਾਂ ਦੀ ਥਾਂ ਆਪਣੀ ਫੋਕੀ ਸ਼ੋਹਰਤ ’ਤੇ ਪੈਸੇ ਖਰਚਣ ਲੱਗੀ ਹੋਈ ਹੈ। ਖੇਤ ਮਜ਼ਦੂਰ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਹਨ। ਮਜ਼ਦੂਰ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਅਕਾਲੀ ਕਾਂਗਰਸੀ ਸਰਕਾਰਾਂ ਵਾਂਗ ਹੀ ਮਜ਼ਦੂਰ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਲਾਗੂ ਕਰ ਰਹੀ ਹੈ ਅਤੇ ਲੋਕਾਂ ਦੇ ਮਸਲੇ ਹੱਲ ਕਰਨ ਦੀ ਥਾਂ ਟਾਲ ਮਟੋਲ ਤੇ ਜਾਬਰ ਨੀਤੀਆਂ ਲਾਗੂ ਕਰ ਰਹੀ ਹੈ। ਮਜ਼ਦੂਰ ਆਗੂਆਂ ਨੇ ਕਿਹਾ ਕਿ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨਾਲ਼ ਮੀਟਿੰਗ ਤਹਿ ਕਰਕੇ ਵੀ ਮੁੱਖ ਮੰਤਰੀ ਵੱਲੋਂ ਰੱਦ ਕਰ ਦੇਣਾ ਉਸ ਦੀ ਮਜ਼ਦੂਰਾਂ ਪ੍ਰਤੀ ਵਿਤਕਰੇ ਵਾਲੀ ਨੀਤੀ ਨੂੰ ਜੱਗ ਜ਼ਾਹਰ ਕਰਦਾ ਹੈ।