ਪਵਨ ਗੋਇਲ
ਭੁੱਚੋ ਮੰਡੀ, 26 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਨਥਾਣਾ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ 361 ਦਿਨਾਂ ਤੋਂ ਚੱਲ ਰਹੇ ਮੋਰਚੇ ਦੀ ਅਗਵਾਈ ਕਿਸਾਨ ਔਰਤਾਂ ਨੇ ਕੀਤੀ ਜਿਸ ਦੌਰਾਨ ਮੰਚ ਸੰਚਾਲਨ ਮਨਪ੍ਰੀਤ ਕੌਰ ਚੱਕ ਨੇ ਕੀਤਾ। ਇਸ ਮੌਕੇ ਬਲਾਕ ਜਨਰਲ ਸਕੱਤਰ ਬਲਜੀਤ ਸਿੰਘ ਪੂਹਲਾ, ਗੁਰਮੇਲ ਨਥਾਣਾ ਅਤੇ ਸੁਖਜੀਤ ਕੌਰ ਚੱਕ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਿਰਤੀ ਲੋਕਾਂ ਉੱਪਰ ਧੱਕੇ ਨਾਲ ਮੜ੍ਹੇ ਜਾ ਰਹੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਮੋਦੀ ਸਰਕਾਰ ਦੀ ਨੀਂਦ ਖੋਲ੍ਹਣ ਲਈ 27 ਸਤੰਬਰ ਨੂੰ ‘ਭਾਰਤ ਬੰਦ’ ਦਾ ਸੱਦਾ ਦਿੱਤਾ ਗਿਆ ਹੈ। ਇਸ ਤਹਿਤ ਬਲਾਕ ਨਥਾਣਾ ਦੇ ਕਿਸਾਨਾਂ ਵੱਲੋਂ ਲਹਿਰਾ ਬੇਗਾ ਟੌਲ ਪਲਾਜ਼ਾ ਅਤੇ ਨਥਾਣਾ ਦੇ ਬੱਸ ਅੱਡੇ ਕੋਲ ਸਵੇਰੇ ਛੇ ਵਜੇ ਤੋਂ ਸ਼ਾਮ ਦੇ ਚਾਰ ਵਜੇ ਤੱਕ ਸੜਕਾਂ ਜਾਮ ਕੀਤੀਆਂ ਜਾਣਗੀਆਂ ਜਾਵੇਗੀ। ਉਨ੍ਹਾਂ ਕਿਹਾ ਕਿ ਜਾਮ ਦੌਰਾਨ ਸਿਰਫ਼ ਐਂਬੂਲੈਂਸਾਂ ਅਤੇ ਪੇਪਰ ਦੇਣ ਜਾ ਰਹੇ ਵਿਦਿਆਰਥੀਆਂ ਨੂੰ ਲੰਘਣ ਦੀ ਛੋਟ ਦਿੱਤੀ ਜਾਵੇਗੀ। ਇਸ ਦੌਰਾਨ ਵਾਲਮਾਰਟ ਕੰਪਨੀ ਵੱਲੋਂ ਬੈਸਟ ਪ੍ਰਾਈਸ ਮਾਲ ਭੁੱਚੋ ਖੁਰਦ ਵਿੱਚੋਂ ਕਥਿੱਤ ਧੱਕੇਸ਼ਾਹੀ ਨਾਲ ਨੌਕਰੀ ਤੋਂ ਫਾਰਗ ਕੀਤੇ ਗਏ ਮੁਲਾਜ਼ਮਾਂ ਦਾ ਮੋਰਚਾ ਅੱਜ 28ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਧਰਨਾਕਾਰੀ ਮੁਲਾਜ਼ਮ ਆਗੂ ਜਸਪ੍ਰੀਤ ਸਿੰਘ, ਨਿਰਮਲ ਸ਼ਰਮਾ, ਹਰਮਨ ਸਿੰਘ, ਮਨਪ੍ਰੀਤ ਸਿੰਘ ਸ਼ਰਮਾ ਅਤੇ ਹਰਜਿੰਦਰ ਸਿੰਘ ਨੇ ਕਿਹਾ ਕਿ ਉਹ 27 ਸਤੰਬਰ ਨੂੰ ਕਿਸਾਨਾਂ ਵੱਲੋਂ ਲਹਿਰਾ ਬੋਗਾ ਟੌਲ ਪਲਾਜ਼ਾ ’ਤੇ ਲਗਾਏ ਜਾਣ ਵਾਲੇ ਸੜਕ ਜਾਮ ਅਤੇ 28 ਦੀ ਬਰਨਾਲਾ ਕਾਨਫਰੰਸ ਵਿੱਚ ਸ਼ਮੂਲੀਅਤ ਕਰਨਗੇ।
ਬਰਨਾਲਾ (ਪਰਸ਼ੋਤਮ ਬੱਲੀ): ਰੇਲਵੇ ਸਟੇਸ਼ਨ ’ਤੇ ਲੱਗੇ ਧਰਨੇ ਦੌਰਾਨ ਬੁਲਾਰਿਆਂ ਨੇ 27 ਸਤੰਬਰ ਦੇ ‘ਭਾਰਤ ਬੰਦ’ ਦੇ ਸੱਦੇ ਨੂੰ ਲੈ ਕੇ ਕੁਝ ਵਿਸ਼ੇਸ਼ ਨੁਕਤੇ ਸਰਗਰਮ ਕਾਰਕੁਨਾਂ ਨਾਲ ਸਾਂਝੇ ਕੀਤੇ। ਬੁਲਾਰਿਆਂ ਨੇ ਕਿਹਾ ਕਿ ਐਮਰਜੈਂਸੀ ਸੇਵਾਵਾਂ- ਐਂਬੂਲੈਂਸ, ਫਾਇਰ ਬ੍ਰਿਗੇਡ, ਸ਼ਾਦੀ/ਮੌਤ ਤੇ ਹੋਰ ਜ਼ਰੂਰੀ ਸਮਾਜਿਕ ਸਮਾਗਮ, ਹਸਪਤਾਲ ਤੇ ਦਵਾਈਆਂ ਦੀਆਂ ਦੁਕਾਨਾਂ ਨੂੰ ਬੰਦ ਤੋਂ ਛੋਟ ਰਹੇਗੀ। ਬੁਲਾਰਿਆਂ ਨੇ ਦੱਸਿਆ ਕਿ ਸਵੇਰੇ 6 ਵਜੇ ਵਾਲੀ ਟਰੇਨ ਬਰਨਾਲਾ ਸਟੇਸ਼ਨ ’ਤੇ ਰੋਕੀ ਜਾਵੇਗੀ। ਮਹਿਲ ਕਲਾਂ, ਸਹਿਜੜਾ, ਰਿਲਾਇੰਸ ਪੰਪ ਸੰਘੇੜਾ, ਧਨੌਲਾ, ਹੰਢਿਆਇਆ, ਰੂੜੇਕੇ, ਤਪਾ, ਭਦੌੜ, ਪੱਖੋ ਕੈਂਚੀਆਂ, ਹਸਪਤਾਲਾਂ ਆਦਿ 12 ਤੋਂ ਵੱਧ ਥਾਵਾਂ ’ਤੇ ਸਵੇਰੇ ਛੇ ਤੋਂ ਸ਼ਾਮ 4 ਵਜੇ ਤੱਕ ਸੜਕੀ ਆਵਾਜਾਈ ਜਾਮ ਕੀਤੀ ਜਾਵੇਗੀ। ਵਪਾਰ ਮੰਡਲ ਬਰਨਾਲਾ ਦੇ ਪ੍ਰਧਾਨ ਨੈਬ ਸਿੰਘ ਕਾਲਾ ਆਪਣੇ ਸਾਥੀਆਂ ਸਮੇਤ ਕਿਸਾਨ ਧਰਨੇ ’ਚ ਪਹੁੰਚੇ ਅਤੇ ਵਪਾਰ ਮੰਡਲ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ। ਉੱਧਰ ਰਿਲਾਇੰਸ ਮਾਲ ਬਰਨਾਲਾ ਮੂਹਰੇ ਲੱਗਿਆ ਹੋਇਆ ਧਰਨਾ ਆਪਣੇ 361ਵੇਂ ਦਿਨ ਜਾਰੀ ਰਿਹਾ।
ਮਮਦੋਟ (ਜਸਵੰਤ ਸਿੰਘ ਥਿੰਦ): ਭਲਕੇ 27 ਸਤੰਬਰ ਦੇ ‘ਭਾਰਤ ਬੰਦ’ ਦੇ ਸੱਦੇ ਨੂੰ ਕਾਮਯਾਬ ਬਣਾਉਣ ਲਈ ਕਿਸਾਨ ਯੂਨੀਅਨਾਂ ਵੱਲੋਂ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਜ਼ੋਨ ਪ੍ਰਧਾਨ ਧਰਮ ਸਿੰਘ ਸਿੱਧੂ ਨੇ ਦੱਸਿਆ ਕਿ ਜ਼ੋਨ ਦੀ ਮੀਟਿੰਗ ਗੁਰਦੁਆਰਾ ਸੰਗਤਸਰ ਮਾਦੀ ਕੇ ਵਿੱਚ ਹੋਈ ਜਿਸ ’ਚ ਪੰਜਾਬ ਪ੍ਰਧਾਨ ਸਤਨਾਮ ਸਿੰਘ ਪਨੂੰ ਪਹੁੰਚੇ।
ਉਨ੍ਹਾਂ ਦੱਸਿਆ ਕਿ ਯੂਨੀਅਨ ਵੱਲੋਂ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਗੁਰਦੁਆਰਾ ਪ੍ਰਗਟ ਸਾਹਿਬ ਅਤੇ ਖਾਈ ਫੇਮੇਕੀ ਵਿੱਚ ਕਿਸਾਨਾਂ ਵੱਲੋਂ ਸ਼ਾਮ ਚਾਰ ਵਜੇ ਤੱਕ ਜਾਮ ਲਾਇਆ ਜਾਵੇਗਾ ਜਿਸ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਛੋਟ ਦਿੱਤੀ ਜਾਵੇਗੀ। ਇਸ ਮੌਕੇ ਇਸ ਮੌਕੇ ਮੰਗਲ ਸਿੰਘ, ਗੁਰਬਖ਼ਸ਼ ਸਿੰਘ, ਗੁਰਮੇਲ ਸਿੰਘ, ਪ੍ਰੀਤਮ ਸਿੰਘ ਅਤੇ ਸੁਖਦੇਵ ਸਿੰਘ ਹਾਜ਼ਰ ਸਨ।
ਮੁਕਤਸਰ: ਬਾਜ਼ਾਰ ਅਤੇ ਸਬਜ਼ੀ ਮੰਡੀ ਰਹੇਗੀ ਬੰਦ
ਸ੍ਰੀ ਮੁਕਤਸਰ ਸਾਹਿਬ: ਕਿਸਾਨ ਜਥੇਬੰਦੀਆਂ ਵੱਲੋਂ ‘ਭਾਰਤ ਬੰਦ’ ਦੇ ਦਿੱਤੇ ਸੱਦੇ ਨੂੰ ਪ੍ਰਵਾਨ ਕਰਦਿਆਂ ਮੁਕਤਸਰ ਦੇ ਵਪਾਰ ਮੰਡਲ ਨੇ ਬਾਜ਼ਾਰ ਅਤੇ ਸਬਜ਼ੀ ਮੰਡੀ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਵਪਾਰ ਮੰਡਲ ਦੇ ਪ੍ਰਧਾਨ ਰਜਿਤ ਬਾਂਸਲ, ਦੇਸ ਰਾਜ ਤਨੇਜਾ, ਅਸ਼ਵਨੀ ਗਿਰਧਰ, ਸਤਪਾਲ ਪਠੇਲਾ, ਕਸ਼ਮੀਰਾ ਸਿੰਘ ਅਤੇ ਸਬਜ਼ੀ ਮੰਡੀ ਦੇ ਪ੍ਰਧਾਨ ਹਨੀ ਕੁਮਾਰ ਨੇ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਬਾਜ਼ਾਰ ਬੰਦ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੀ ਆਰਥਿਕਤਾ ਕਿਸਾਨਾਂ ਦੇ ਸਿਰ ’ਤੇ ਹੈ। ਜੇਕਰ ਖੇਤੀ ਪ੍ਰਭਾਵਿਤ ਹੁੰਦੀ ਹੈ ਤਾਂ ਵਪਾਰ ਦਾ ਵੀ ਨੁਕਸਾਨ ਹੋਵੇਗਾ। ਇਸ ਲਈ ਉਹ ਭਲਕੇ ਆਪਣੀਆਂ ਦੁਕਾਨਾਂ ਬੰਦ ਰੱਖਣਗੇ ਪਰ ਦਵਾਈਆਂ ਦੀਆਂ ਦੁਕਾਨਾਂ ਖੁੱਲ੍ਹਣਗੀਆਂ। -ਨਿੱਜੀ ਪੱਤਰ ਪ੍ਰੇਰਕ
ਮੈਡੀਕਲ ਪ੍ਰੈਕਟੀਸ਼ਨਰਾਂ ਵੱਲੋਂ ‘ਭਾਰਤ ਬੰਦ’ ਦਾ ਸਮਰਥਨ
ਭੁੱਚੋ ਮੰਡੀ: ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਬਲਾਕ ਭੁੱਚੋ ਵੱਲੋਂ ਪ੍ਰਧਾਨ ਜਸਵੀਰ ਸਿੰਘ ਤੁੰਗਵਾਲੀ ਦੀ ਪ੍ਰਧਾਨਗੀ ਹੇਠ ਭੁੱਚੋ ਕੈਂਚੀਆਂ ’ਤੇ ਮੀਟਿੰਗ ਕਰ ਕੇ ‘ਭਾਰਤ ਬੰਦ’ ਦੇ ਦਿੱਤੇ ਸੱਦੇ ਦੀ ਹਮਾਇਤ ਕਰਦਿਆਂ ਆਪਣੇ ਕਾਰੋਬਾਰ ਬੰਦ ਰੱਖਣ ਦਾ ਐਲਾਨ ਕੀਤਾ ਹੈ। ਇਸ ਮੌਕੇ ਜ਼ਿਲ੍ਹਾ ਕਮੇਟੀ ਮੈਂਬਰ ਸੁਖਦਰਸ਼ਨ ਮਾਨਸਾ, ਬਹਾਲ ਸਿੰਘ, ਸ਼ਿੰਗਾਰਾ ਸਿੰਘ ਅਤੇ ਪ੍ਰੈੱਸ ਸਕੱਤਰ ਜਸਵੀਰ ਸਿੰਘ ਚੱਕ ਨੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਦੇ ਚੋਣ ਮੈਨੀਫੈਸਟੋ ਵਿੱਚ 16 ਨੰਬਰ ’ਤੇ ਦਰਜ ਵਾਅਦੇ ਨੂੰ ਪੂਰਾ ਕਰਨ ਦੀ ਮੰਗ ਕੀਤੀ। – ਪੱਤਰ ਪ੍ਰੇਰਕ
ਕਾਂਗਰਸ ਵੱਲੋਂ ‘ਭਾਰਤ ਬੰਦ’ ਦਾ ਸਮਰਥਨ
ਜੈਤੋ (ਸ਼ਗਨ ਕਟਾਰੀਆ): ਕਾਂਗਰਸ ਪਾਰਟੀ 27 ਸਤੰਬਰ ਨੂੰ ਸੰਯੁਕਤ ਮੋਰਚੇ ਵੱਲੋਂ ਦਿੱਤੇ ‘ਭਾਰਤ ਬੰਦ’ ਨੂੰ ਸਫ਼ਲ ਕਰਨ ਲਈ ਇਨਸਾਫ਼ ਪ੍ਰਾਪਤੀ ਲਈ ਲੜਨ ਵਾਲੇ ਲੋਕਾਂ ਦਾ ਜ਼ੋਰਦਾਰ ਸਾਥ ਦੇਵੇਗੀ। ਇਹ ਐਲਾਨ ਅੱਜ ਇੱਥੇ ਸੀਨੀਅਰ ਕਾਂਗਰਸੀ ਆਗੂ ਸੂਰਜ ਭਾਰਦਵਾਜ, ਮਿਹਰ ਸਿੰਘ ਕਰੀਰਵਾਲੀ, ਮੋਦਨ ਸਿੰਘ, ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਸਿਕੰਦਰ ਸਿੰਘ ਮੜ੍ਹਾਕ ਸਮੇਤ ਮੁਕਾਮੀ ਆਗੂਆਂ ਦੀ ਮੀਟਿੰਗ ਤੋਂ ਬਾਅਦ ਮੀਡੀਆ ਸਾਹਮਣੇ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਤਜਵੀਜ਼ਤ ਪ੍ਰੋਗਰਾਮ ਮੁਤਾਬਕ ਮੀਟਿੰਗ ’ਚ ਹਾਜ਼ਰ ਨਹੀਂ ਹੋ ਸਕੇ ਅਤੇ ਉਨ੍ਹਾਂ ਵੱਲੋਂ ਇਸ ਫ਼ੈਸਲੇ ਦੇ ਸਮਰਥਨ ’ਤੇ ਸਹੀ ਪਾਈ ਗਈ ਹੈ।