ਸ਼ਗਨ ਕਟਾਰੀਆ
ਜੈਤੋ, 9 ਅਪਰੈਲ
ਫਿਰਕੂ ਤੇ ਹਕੂਮਤੀ ਦਹਿਸ਼ਤਗਰਦੀ ਖ਼ਿਲਾਫ਼ ਜਾਨਾਂ ਵਾਰਨ ਵਾਲੇ ਸੇਵੇਵਾਲਾ ਕਾਂਡ ਦੇ ਸ਼ਹੀਦਾਂ ਦੀ 30ਵੀਂ ਬਰਸੀ ਮੌਕੇ ਸੇਵੇਵਾਲਾ ਮਜ਼ਦੂਰ ਧਰਮਸ਼ਾਲਾ ’ਚ ਸ਼ਰਧਾਂਜਲੀ ਸਮਾਗਮ ਹੋਇਆ, ਜਿਸ ਵਿੱਚ ਧਰਮ ਨਿਰਪੱਖ ਕਿਸਾਨ ਲਹਿਰ ਉਸਾਰਨ ਦਾ ਸੱਦਾ ਦਿੱਤਾ ਗਿਆ।
ਸਮਾਗਮ ਦੀ ਸ਼ੁਰੂਆਤ ਸ਼ਹੀਦ ਮੇਘਰਾਜ ਭਗਤੂਆਣਾ ਦੀ ਧੀ ਹਰਿੰਦਰ ਕੌਰ ਬਿੰਦੂ, ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਅਤੇ ਸ਼ਹੀਦ ਯਾਦਗਾਰ ਕਮੇਟੀ ਦੇ ਬੂਟਾ ਸਿੰਘ ਵੰਲੋਂ ਸ਼ਹੀਦਾਂ ਦੀ ਯਾਦ ਵਿਚ ਝੰਡਾ ਲਹਿਰਾ ਕੇ ਕੀਤੀ ਗਈ। ਇਸ ਮੌਕੇ ਲੋਕ ਮੋਰਚਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਜਗਮੇਲ ਸਿੰਘ, ਐਡਵੋਕੇਟ ਐਨ ਕੇ ਜੀਤ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲੱਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਸ਼ਹੀਦ ਮੇਘਰਾਜ ਭਗਤੂਆਣਾ, ਜਗਪਾਲ ਸੇਲਬਰਾਹ, ਗੁਰਜੰਟ ਸਿੰਘ ਢਿੱਲਵਾਂ ਨੇ ਪੰਜਾਬ ਦੇ ਕਾਲੇ ਦੌਰ ’ਚ ਜਬਰ ਤੇ ਫਿਰਕਾਪ੍ਰਸਤੀ ਵਿਰੋਧੀ ਫ਼ਰੰਟ ਉਸਾਰ ਕੇ ਲੋਕਾਂ ਨੂੰ ਫਿਰਕੂ ਲੀਹਾਂ ’ਤੇ ਵੰਡਣ ਅਤੇ ਹਕੂਮਤ ਵੱਲੋਂ ਢਾਹੇ ਜਾ ਰਹੇ ਜ਼ੁਲਮ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ, ਜਿਸ ਦੀ ਕੀਮਤ 18 ਜਣਿਆਂ ਨੂੰ ਆਪਣੀਆਂ ਜਾਨਾਂ ਦੇ ਕੇ ਚੁਕਾਉਣੀ ਪਈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਘੋਲ ਨੂੰ ਲੀਹੋਂ ਲਾਹੁਣ ਲਈ ਮੋਦੀ ਸਰਕਾਰ ਫਿਰਕੂ ਹਥਕੰਡੇ ਅਪਣਾ ਰਹੀ ਹੈ, ਇਸ ਦੇ ਬਾਵਜੂਦ ਇਹ ਘੋਲ ਅੱਗੇ ਵੱਧ ਰਿਹਾ ਹੈ। ਉਨ੍ਹਾਂ ਆਖਿਆ ਕਿ ਸੇਵੇਵਾਲਾ ਕਾਂਡ ਦੀ ਸ਼ਹਾਦਤ ਤੋਂ ਪ੍ਰੇਰਨਾ ਲੈ ਕੇ ਧਰਮ ਨਿਰਪੱਖ ਕਿਸਾਨ ਤੇ ਲੋਕ ਲਹਿਰ ਦੀ ਉਸਾਰੀ ਕਰਨਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦੇਣਾ ਹੈ।
ਇਸ ਮੌਕੇ ‘ਨਾਟਿਅਮ ਜੈਤੋ’ ਦੀ ਟੀਮ ਨੇ ਜਸਪਾਲ ਮਾਨਖੇੜਾ ਦਾ ਲਿਖਿਆ ਤੇ ਕੀਰਤੀ ਕਿਰਪਾਲ ਵੱਲੋਂ ਨਿਰਦੇਸ਼ਿਤ ਨਾਟਕ ‘ਸਿਕੰਦਰ ਦਾ ਘੋੜਾ’ ਖੇਡਿਆ। ਸੇਵੇਵਾਲਾ ਦੇ ਵਿਦਿਆਰਥੀਆਂ ਨੇ ‘ਮੈਂ ਧਰਤੀ ਪੰਜਾਬ ਦੀ’ ਗੀਤ ਉੱਤੇ ਕੋਰੀਓਗਰਾਫੀ ਪੇਸ਼ ਕੀਤੀ। ਸਮਾਗਮ ਦੌਰਾਨ ਸ਼ਹੀਦ ਪਰਿਵਾਰਾਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਮੋਹਣ ਸਿੰਘ ਵਾੜਾ ਭਾਈਕਾ, ਸ਼ਹੀਦ ਭਗਤ ਸਿੰਘ ਵਿਚਾਰ ਮੰਚ ਜੈਤੋ ਦੇ ਆਗੂ ਸੂਬਾ ਸਿੰਘ ਰਾਮੇਆਣਾ, ਪੱਲੇਦਾਰ ਯੂਨੀਅਨ ਦੇ ਆਗੂ ਕੁਲਵੀਰ ਸਿੰਘ, ਸਿਕੰਦਰ ਸਿੰਘ ਤੇ ਸਾਧੂ ਸਿੰਘ ਭਗਤੂਆਣਾ, ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਘੁੱਦਾ, ਪੀਐੱਸਯੂ ਸ਼ਹੀਦ ਰੰਧਾਵਾ ਦੇ ਆਗੂ ਰਵਿੰਦਰ ਸਿੰਘ ਸੇਵੇਵਾਲਾ, ਮਜ਼ਦੂਰ ਆਗੂ ਕਰਮਜੀਤ ਸਿੰਘ, ਅੰਗਰੇਜ਼ ਸਿੰਘ ਮੱਤਾ ਅਤੇ ਰੋਡਵੇਜ਼ ਯੂਨੀਅਨ ਆਜ਼ਾਦ ਦੇ ਆਗੂ ਨਛੱਤਰ ਸਿੰਘ ਮੌਜੂਦ ਸਨ।