ਪੱਤਰ ਪ੍ਰੇਰਕ
ਮਾਨਸਾ, 4 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਅੱਜ ਮੰਤਰੀ ਮੰਡਲ ਵਿੱਚ ਜਿਹੜੇ ਪੰਜ ਚਿਹਰਿਆਂ ਨੂੰ ਸਹੁੰ ਚੁਕਾਈ ਗਈ ਹੈ, ਉਨ੍ਹਾਂ ਵਿੱਚੋਂ ਇੱਕ ਮਾਨਸਾ ਜ਼ਿਲ੍ਹੇ ਦੇ ਪਿੰਡ ਖਿੱਲਣ ਦੀ ਜੰਮਪਲ ਅਨਮੋਲ ਗਗਨ ਮਾਨ ਵੀ ਸ਼ਾਮਲ ਹੈ। ਅਨਮੋਲ ਗਗਨ ਮਾਨ ਖਰੜ ਤੋਂ ਵਿਧਾਇਕਾ ਹੈ। ਉਹ ਮਾਨਸਾ ਜ਼ਿਲ੍ਹੇ ਦੀ ਜੰਮਪਲ ਹੈ ਤੇ ਇੱਥੇ ਹੀ ਪੜ੍ਹਾਈ ਕਰਨ ਮਗਰੋਂ ਪਿਤਾ ਯੋਧਾ ਸਿੰਘ ਮਾਨ ਨਾਲ ਮੁਹਾਲੀ ਚਲੀ ਗਈ ਅਤੇ ਉਥੋਂ ਹੀ ਗਾਇਕੀ ਤੇ ਸਿਆਸਤ ਦਾ ਸਫ਼ਰ ਆਰੰਭ ਕੀਤਾ।
ਦਿਲਚਸਪ ਗੱਲ ਹੈ ਕਿ ਭਗਵੰਤ ਮਾਨ ਦੀ ਕੈਬਨਿਟ ਵਿੱਚ ਡਾ. ਵਿਜੈ ਸਿੰਗਲਾ ਤੋਂ ਬਾਅਦ ਉਹ ਮਾਨਸਾ ਜ਼ਿਲ੍ਹੇ ਦੀ ਪਹਿਲੀ ਜੰਮਪਲ ਹੈ, ਜਿਸ ਨੂੰ ਮੰਤਰੀ ਮੰਡਲ ਵਿੱਚ ਕੈਬਨਿਟ ਦਾ ਅਹੁਦਾ ਹਾਸਲ ਹੋਇਆ ਹੈ। ਇਸ ਤੋਂ ਪਹਿਲਾਂ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਨੂੰ ਸਰਕਾਰ ਵਿੱਚ ਕੈਬਨਿਟ ਮੰਤਰੀ ਬਣਾਇਆ ਗਿਆ ਸੀ, ਪਰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਹੱਥ ਧੋਣੇ ਪੈ ਗਏ। ਅੱਜ ਮਾਨਸਾ ਕੈਂਚੀਆਂ ਦੀ ਵਸਨੀਕ ਅਨਮੋਲ ਗਗਨ ਮਾਨ ਨੂੰ ਸਰਕਾਰ ਵਿੱਚ ਕੈਬਨਿਟ ਦਾ ਅਹੁਦਾ ਮਿਲਣ ਮਗਰੋਂ ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਦਾ ਰੌਂਅ ਦੇਖਣ ਨੂੰ ਮਿਲਿਆ। ਇਸ ਖੁਸ਼ੀ ਵਿੱਚ ਲੋਕਾਂ ਵੱਲੋਂ ਵੱਡੀ ਪੱਧਰ ’ਤੇ ਖੁਸ਼ੀ ਮਨਾਈ ਗਈ ਅਤੇ ਲੱਡੂ ਵੰਡੇ ਗਏ। ਅਨਮੋਲ ਗਗਨ ਮਾਨ ਨੇ ਛੋਟੀ ਉਮਰੇ ਪਹਿਲਾਂ ਪੰਜਾਬੀ ਗਾਇਕੀ ਵਿੱਚ ਧੁੰਮਾਂ ਪਾਈਆਂ ਤੇ ਹੁਣ ਸਿਆਸਤ ਵਿੱਚ ਇਹ ਮੁਕਾਮ ਹਾਸਲ ਕੀਤਾ ਹੈ।