ਪੁਨੀਤ ਸ਼ਰਮਾ ਮੈਨਨ
ਧਨੌਲਾ, 11 ਅਗਸਤ
ਪੰਜਾਬ ਸਰਕਾਰ ਵੱਲੋਂ ਪਸ਼ੂਆਂ ’ਚ ਫੈਲ ਰਿਹਾ ਚਮੜੀ ਰੋਗ (ਲੰਪੀ ਸਕਿਨ) ਬਿਮਾਰੀ ਦੀ ਰੋਕਥਾਮ ਸਬੰਧੀ ਪੰਜਾਬ ਭਰ ’ਚ ਪਸ਼ੂ ਮੰਡੀਆਂ ਨੂੰ ਬੰਦ ਕਰਨ ਦੇ ਲਏ ਗਏ ਫੈਸਲੇ ਨੂੰ ਬੂਰ ਨਹੀਂ ਪੈ ਰਿਹਾ। ਬੀਤੇ ਦਿਨ ਮੁੱਖ ਮੰਤਰੀ ਵੱਲੋਂ ਬਿਮਾਰੀ ਦੀ ਰੋਕਥਾਮ ਤੇ ਜਾਇਜ਼ਾ ਲੈਣ ਲਈ ਕੈਬਨਿਟ ਮੰਤਰੀਆਂ ਦੇ ਸਮੂਹ ਦਾ ਗਠਨ ਕੀਤਾ ਗਿਆ ਸੀ। ਪਰ ਅੱਜ ਇੱਥੋਂ ਦੀ ਕੌਮੀ ਪੱਧਰ ਤੇ ਮਸ਼ਹੂਰ ਧਨੌਲਾ ਮੰਡੀ ਦੇ ਮੇਲਾ ਗਰਾਊਂਡ ’ਚ ਪਸ਼ੂ ਮੰਡੀ ਲਗਾਈ ਗਈ। ਇਸ ਦੌਰਾਨ ਪੰਜਾਬ ਤੇ ਬਾਹਰੀ ਰਾਜਾਂ ਦੇ ਵਪਾਰੀ ਪਸ਼ੂਆਂ ਦੀ ਖਰੀਦ-ਵੇਚ ਲਈ ਵੱਡੀ ਤਦਾਦ ’ਚ ਪੁੱਜੇ ਹੋਏ ਸਨ। ਅੰਦਾਜੇ ਅਨੁਸਾਰ ਪਸ਼ੂਆਂ ਦੀ ਗਿਣਤੀ ਹਜ਼ਾਰ ਦੇ ਕਰੀਬ ਸੀ ਤੇ ਸਰਕਾਰ ਦੇ ਹੁਕਮਾਂ ਤੋਂ ਅਣਜਾਣ ਲੋਕਾਂ ਵੱਲੋਂ ਬੇਝਿiਕ ਖਰੀਦੋ ਫਰੋਖਤ ਕੀਤੀ ਜਾ ਰਹੀ ਸੀ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਵੀਡੀਓਜ਼ ਵਾਈਰਲ ਹੋਣ ਮਗਰੋਂ ਤੇ ਮਾਮਲਾ ਡਿਪਟੀ ਕਮਿਸ਼ਨਰ ਬਰਨਾਲਾ ਦੇ ਧਿਆਨ ਵਿੱਚ ਆਉਂਦਿਆਂ ਹੀ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਲਖਵੀਰ ਸਿੰਘ, ਬੀਡੀਪੀਓ ਪ੍ਰਵੇਸ਼ ਕੁਮਾਰ, ਨਾਇਬ ਤਹਿਸੀਲਦਾਰ ਧਨੌਲਾ ਆਸ਼ੂ ਪ੍ਰਭਾਸ ਜੋਸ਼ੀ ਨੇ ਮੌਕੇ ’ਤੇ ਪਹੁੰਚ ਕੇ ਤੁਰੰਤ ਮੰਡੀ ਖਾਲੀ ਕਰਨ ਸਬੰਧੀ ਹੁਕਮ ਦਿੱਤੇ ਜਿਸ ਮਗਰੋਂ ਮੰਡੀ ਖਾਲੀ ਕਰਨ ਲਈ 2-3 ਘੰਟੇ ਤੋਂ ਜ਼ਿਆਦਾ ਦਾ ਸਮਾਂ ਲੱਗ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਲੰਪੀ ਸਕਿਨ ਬਿਮਾਰੀ ਕਾਰਨ ਪੰਜਾਬ ਸਰਕਾਰ ਵੱਲੋਂ ਪਸ਼ੂ ਮੰਡੀਆਂ ’ਤੇ ਰੋਕ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਹ ਬਿਮਾਰੀ ਗਾਵਾਂ ਵਿੱਚ ਦੇਖਣ ਨੂੰ ਮਿਲ ਰਹੀ ਹੈ ਜਿਨ੍ਹਾਂ ਦਾ ਟੀਕਾਕਰਨ ਕਰਦਿਆਂ ਸਰਕਾਰ ਵੱਲੋਂ ਹਰ ਤਰ੍ਹਾਂ ਦਾ ਅਹਤਿਆਤ ਵਰਤਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਮੁੱਖ ਮੰਤਰੀ ਵੱਲੋਂ ਮੀਟਿੰਗ ਦੌਰਾਨ ਪਸ਼ੂ ਮੰਡੀਆਂ ਤੇ ਬਾਹਰੀ ਰਾਜਾਂ ਤੋਂ ਪਸ਼ੂ ਲਿਆਉਣ ਤੇ ਰੋਕ ਲਗਾਉਣ ਸਬੰਧੀ ਐਲਾਨ ਕੀਤਾ ਗਿਆ ਸੀ ਪਰ ਵਪਾਰੀਆਂ ਵੱਲੋਂ ਪ੍ਰਸ਼ਾਸਨ ਦੇ ਨੱਕ ਹੇਠ ਵੱਡੀ ਸੰਖਿਆ ਵਿੱਚ ਪਸ਼ੂ ਲੈ ਕੇ ਮੰਡੀ ’ਚ ਪਹੁੰਚਣਾ ਹੈਰਾਨੀਜਨਕ ਗੱਲ ਹੈ।
ਇਸ ਮੌਕੇ ਵਪਾਰੀਆਂ ਨੇ ਵਿਰੋਧ ਜਤਾਉਂਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸਿਰਫ ਮੱਝਾਂ ਦੀ ਖਰੀਦ-ਵੇਚ ਕੀਤੀ ਜਾ ਰਹੀ ਹੈ ਜਦੋਂਕਿ ਚਮੜੀ ਰੋਗ ਸਿਰਫ ਗਊਆਂ ਨੂੰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ’ਚ ਨਿਰਵਿਘਨ ਪਸ਼ੂ ਮੰਡੀ ਲਗਾਈ ਜਾ ਰਹੀ ਹੈ ਤੇ ਵਪਾਰ ਕਰਨ ਲਈ ਖਰੀਦੇ ਪਸ਼ੂ ਘਰ ਰੱਖਣਾ ਵੀ ਮੁਸ਼ਕਲ ਹੈ।
ਉੱਧਰ, ਸਮਾਜਸੇਵੀ ਹਰਦੀਪ ਗਿੱਲ ਦਾ ਕਹਿਣਾ ਹੈ ਕਿ ਸਰਾਕਰ ਵੱਲੋਂ ਲਗਾਈ ਗਈ ਪਾਬੰਦੀ ਸਹੀ ਹੈ ਕਿਉਂਕਿ ਕਈ ਵਾਰ ਲੋਕ ਪਸ਼ੂ ਮੰਡੀ ਆਉਣ ਬਹਾਨੇ ਬਿਮਾਰ ਪਸ਼ੂਆਂ ਨੂੰ ਆਸ ਪਾਸ ਦੇ ਖੇਤਰ ’ਚ ਛੱਡ ਜਾਂਦੇ ਹਨ ਜਿਸ ਨਾਲ ਬਿਮਾਰੀ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ।
ਗਊਆਂ ’ਤੇ ‘ਲੰਪੀ ਸਕਿਨ’ ਰੋਗ ਦਾ ਕਹਿਰ ਜਾਰੀ
ਸ੍ਰੀ ਮੁਕਤਸਰ ਸਾਹਿਬ (ਨਿਜੀ ਪੱਤਰ ਪ੍ਰੇਰਕ) ਲੰਪੀ ਸਕਿਨ ਨਾਂ ਦੀ ਬਿਮਾਰੀ ਗੋਕਾ ਪਸ਼ੂਆਂ ਲਈ ਕਹਿਰ ਬਣੀ ਹੋਈ ਹੈ। ਪਿਛਲੇ ਦੋ ਹਫ਼ਤਿਆਂ ਵਿੱਚ ਮੁਕਤਸਰ ਖੇਤਰ ਵਿੱਚ ਸੈਂਕੜੇ ਗਊਆਂ, ਵੱਛੇ-ਵੱਛੀਆਂ ਤੇ ਢੱਠੇ ਇਸ ਬਿਮਾਰੀ ਕਾਰਨ ਮਰ ਚੁੱਕੇ ਹਨ। ਪਾਲਤੂ ਤੇ ਆਵਾਰਾ ਪਸ਼ੂਆਂ ਉਪਰ ਇਹ ਇਕੋ ਜਿਹਾ ਕਹਿਰ ਵਰਤਾ ਰਹੀ ਹੈ। ਸਾਬਕਾ ਮੁੱਖ ਮੰਤਰੀ ਸਵਰਗੀ ਹਰਚਰਨ ਸਿੰਘ ਬਰਾੜ ਦੇ ਅਤਿ ਆਧੁਨਿਕ ਤੇ ਦਹਾਕਿਆਂ ਪੁਰਾਣੇ ਡੇਅਰੀ ਫਾਰਮ ਦੀਆਂ ਦਰਜਨ ਗਊਆਂ ਤੇ ਵੱਛੀਆਂ ਮਰ ਚੁੱਕੀਆਂ ਹਨ। ਹਰਸਿਮਰਨ ਸਿੰਘ ਬਰਾੜ ਨੇ ਦੁਖੀ ਮਨ ਨਾਲ ਦੱਸਿਆ ਕਿ ਬਹੁਤ ਕੀਮਤੀ ਪਸ਼ੂਆਂ ਦਾ ਇਸ ਤਰ੍ਹਾਂ ਭੰਗ ਦੇ ਭਾਣੇ ਮਰ ਜਾਣਾ ਡੇਅਰੀ ਧੰਦੇ ਲਈ ਵੱਡੀ ਸੱਟ ਹੈ। ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਦਾ ਕੋਈ ਪੁਖਤਾ ਇਲਾਜ ਨਹੀਂ ਹੈ ਸਿਵਾਏ ਪਰਹੇਜ਼ ਅਤੇ ਪਸ਼ੂਆਂ ਦੀ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਦੇ ਫਾਰਮ ਵਿੱਚ 180 ਗਾਵਾਂ ਹਨ ਜਿਨ੍ਹਾਂ ’ਚੋਂ 12 ਗਾਵਾਂ ਦੀ ਲੰਪੀ ਸਕਿਨ ਕਾਰਨ ਮੌਤ ਹੋ ਚੁੱਕੀ ਹੈ ਤੇ 11 ਗੰਭੀਰ ਹਾਲਤ ’ਚ ਹਨ| ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਕਰੀਬ 24 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ| ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਪਸ਼ੂ ਪਾਲਣ ਤੇ ਹੋਰ ਵਿਭਾਗਾਂ ਨਾਲ ਤਾਲਮੇਲ ਵੀ ਕੀਤਾ ਪਰ ਕੋਈ ਵੀ ਹੱਲ ਨਹੀਂ ਹੋਇਆ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪੂਰੇ ਪੰਜਾਬ ’ਚ ਮਰ ਰਹੇ ਪਸ਼ੂਆਂ ਦੇ ਬਚਾਅ ਲਈ ਵੈਕਸੀਨ ਲਗਾਈ ਜਾਵੇ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਦਵਾਈ ਦਾ ਪ੍ਰਬੰਧ ਕਰਕੇ ਜਲਦੀ ਤੋਂ ਜਲਦੀ ਪਸ਼ੂਆਂ ਨੂੰ ਵੈਕਸੀਨ ਲਗਾਈ ਜਾਵੇ ਤਾਂ ਜੋ ਪਸ਼ੂਆਂ ਤੇ ਪਸ਼ੂ ਪਾਲਕਾਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ| ਓਧਰ, ਇਸ ਸਬੰਧੀ ਜਦੋਂ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਐਡਵਾਇਜਰੀ ਅਨੁਸਾਰ ਵਿਭਾਗ ਕੰਮ ਕਰ ਰਿਹਾ ਹੈ।