ਪੱਤਰ ਪ੍ਰੇਰਕ
ਮਾਨਸਾ, 29 ਜੁਲਾਈ
ਮਾਲਵਾ ਖੇਤਰ ਵਿੱਚ ਪਸ਼ੂਆਂ ਵਿੱਚ ਫੈਲੀ ਲਿੰਪੀ ਸਕਿਨ ਨਾਂ ਦੀ ਬਿਮਾਰੀ ਤੋਂ ਪਸ਼ੂ ਪਾਲਕ ਘਬਰਾਉਣ ਲੱਗੇ ਹਨ। ਇਸ ਖੇਤਰ ਵਿੱਚ ਇਹ ਬਿਮਾਰੀ ਫੈਲਣ ਤੋਂ ਬਾਅਦ ਭਾਵੇਂ ਕਿ ਸੂਬਾ ਸਰਕਾਰ ਹਰਕਤ ਵਿੱਚ ਆ ਗਈ ਹੈ, ਪਰ ਖੇਤੀ ਦੇ ਨਾਲ ਸਹਾਇਕ ਧੰਦੇ ਵਜੋਂ ਪਸ਼ੂਆਂ ਨੂੰ ਪਾਲਣ ਵਾਲੇ ਕਿਸਾਨ ਚਿੰਤਤ ਹਨ। ਪਸ਼ੂਆਂ ਵਿੱਚ ਚਮੜੀ ਦੀਆਂ ਗੱਠਾਂ ਵਾਲੀ ਇਹ ਬਿਮਾਰੀ ਮੱਝਾਂ ਤੇ ਗਾਵਾਂ ਵਿੱਚ ਵਿਸ਼ਾਣੂ ਰੋਗ ਹੋਣ ਕਾਰਨ ਖਸਰੇ ਜਿਹੀ ਇੱਕ ਛੂਤ ਦੀ ਬਿਮਾਰੀ ਦੱਸੀ ਜਾਂਦੀ ਹੈ, ਜੋ ਰਾਜਸਥਾਨ ਤੋਂ ਬਾਅਦ ਮਾਲਵਾ ਖੇਤਰ ਦੇ ਹਰ ਜ਼ਿਲ੍ਹੇ ਵਿੱਚ ਪ੍ਰਵੇਸ਼ ਕਰ ਚੁੱਕੀ ਹੈ। ਸੂਬੇ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਇਸ ਬਿਮਾਰੀ ਨੂੰ ਗੰਭੀਰਤਾ ਨਾਲ ਲੈ ਕੇ ਇਸ ਦੇ ਪਿੰਡ-ਪਿੰਡ ਟੈਸਟ ਕਰਵਾ ਕੇ ਜਲੰਧਰ ਸਥਿਤ ਪਸ਼ੂ ਪਾਲਣ ਵਿਭਾਗ ਦੀਆਂ ਪੰਜ ਆਧੁਨਿਕ ਲੈਬਾਂ ਵਿੱਚ ਹਰ-ਰੋਜ਼ ਨਮੂਨੇ ਭੇਜੇ ਜਾਣ ਲੱਗੇ ਹਨ। ਸਰਕਾਰ ਨੇ ਜ਼ਿਲ੍ਹਿਆਂ ਵਿਚਲੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰਾਂ ਨੂੰ ਇਸ ਬਿਮਾਰੀ ਸਬੰਧੀ ਸੁਚੇਤ ਰਹਿਣ ਦੇ ਸਖ਼ਤ ਆਦੇਸ਼ ਜਾਰੀ ਕਰ ਦਿੱਤੇ ਹਨ।
ਮਾਨਸਾ ਸਥਿਤ ਪਸ਼ੂ ਪਾਲਣ ਵਿਭਾਗ ਦੇ ਪੈਥੋਲੋਜਿਸਟ ਡਾ. ਕਮਲ ਗੁਪਤਾ ਨੇ ਦੱਸਿਆ ਕਿ ਇਹ ਬਿਮਾਰੀ ਦੱਖਣ ਭਾਰਤ ਦੇ ਰਾਜਾਂ ’ਚੋਂ ਹੁੰਦੀ ਹੋਈ ਉੱਤਰੀ ਭਾਰਤ ਪਹੁੰਚੀ ਹੈ। ਇਹ ਬਿਮਾਰੀ ਇੱਕ ਪਸ਼ੂ ਤੋਂ ਦੂਜੇ ਪਸ਼ੂ ਨੂੰ ਸੰਪਰਕ ਰਾਹੀਂ ਫੈਲਦੀ ਹੈ ਅਤੇ ਮੱਛਰ, ਮੱਖੀਆਂ ਅਤੇ ਚਿੱਚੜ ਵੀ ਇਸ ਨੂੰ ਫੈਲਾਉਣ ਵਿੱਚ ਮਦਦਗਾਰ ਸਮਝੇ ਜਾਂਦੇ ਹਨ। ਇਹ ਬਿਮਾਰੀ ਜ਼ਿਆਦਾਤਰ ਗਰਮ ਅਤੇ ਹੁੰਮਸ ਵਾਲੇ ਮੌਸਮ ਵਿੱਚ ਹੁੰਦੀ ਹੈ ਅਤੇ ਇਸ ਨਾਲ ਗ੍ਰਸਤ ਪਸ਼ੂ ਨੂੰ ਦੋ-ਤਿੰਨ ਦਿਨ ਹਲਕਾ ਬੁਖਾਰ ਹੁੰਦਾ ਹੈ ਅਤੇ ਸਰੀਰ ਉੱਤੇ ਢਾਈ ਤੋਂ ਸਾਢੇ ਤਿੰਨ ਸੈਂਟੀਮੀਟਰ ਦੀਆਂ ਸਖ਼ਤ ਗੱਠਾਂ ਉਭਰ ਆਉਂਦੀਆਂ ਹਨ ਅਤੇ ਇਨ੍ਹਾਂ ਗੱਠਾਂ ਨਾਲ ਚਮੜੀ ਗਲ ਜਾਂਦੀ ਹੈ ਅਤੇ ਇਨਫੈਕਸ਼ਨ ਹੋਣ ਤੋਂ ਬਾਅਦ ਪਸ਼ੂ ਨੂੰ ਤਕਲੀਫ਼ ਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਸ ਨਾਲ ਪਸ਼ੂ ਦੋ-ਤਿੰਨ ਹਫ਼ਤਿਆਂ ਬਾਅਦ ਠੀਕ ਹੋ ਜਾਂਦਾ ਹੈ, ਪਰ ਕਮਜ਼ੋਰ ਹੋ ਜਾਂਦਾ ਹੈ ਅਤੇ ਇੱਕ-ਅੱਧਾ ਪਸ਼ੂ ਕਮਜ਼ੋਰੀ ਕਾਰਨ ਮਰ ਵੀ ਜਾਂਦਾ ਹੈ। ਪਸ਼ੂ ਪਾਲਣ ਮਹਿਕਮੇ ਨੇ ਮਾਨਸਾ, ਬਰਨਾਲਾ, ਸੰਗਰੂਰ, ਬਠਿੰਡਾ, ਮੋਗਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਮੁਕਤਸਰ ਸਮੇਤ ਹੋਰਨਾਂ ਜ਼ਿਲ੍ਹਿਆਂ ਵਿੱਚ ਇਸ ਦੇ ਸੈਂਪਲ ਲੈਣੇ ਸ਼ੁਰੂ ਕਰ ਦਿੱਤੇ ਹਨ।