ਜਸਵੀਰ ਸਿੰਘ ਭੁੱਲਰ
ਦੋਦਾ, 13 ਜੁਲਾਈ
ਫਸਲਾਂ ਲਈ ਨਹਿਰੀ ਪਾਣੀ ਦੀ ਘਾਟ ਤੋਂ ਅੱਕੇ ਕਿਸਾਨਾਂ ਵੱਲੋਂ ਨਹਿਰੀ ਵਿਭਾਗ ਵੱਲੋਂ ਕੀਤੀ ਵਾਰਬੰਦੀ ਤੋਂ ਖਫਾ ਅੱਜ ਕਿਸਾਨ ਆਗੂ ਸਰਪੰਚ ਸੁਖਦੇਵ ਸਿੰਘ ਭੂੰਦੜ ਅਤੇ ਨੰਬਰਦਾਰ ਜਗਸੀਰ ਸਿੰਘ ਲੁੰਡੇਵਾਲਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਕਿਸਾਨਾਂ ਵੱਲੋਂ ਸਰਹੰਦ ਨਹਿਰ ਦੇ ਹੈੱਡਵਰਕਸ ਗੇਟ ਨੰਬਰ ਐਸ ਐਫ 267 ਨੂੰ ਜਬਰੀ ਮੁੱਖ ਗੇਟ ਬੰਦ ਕਰਕੇ ਦੋਦਾ ਰਜਬਾਹਾ ਅਤੇ ਮਹਿਰਾਜਵਾਲਾ ਮਾਇਨਰ ਵਿਚ ਪਾਣੀ ਛੱਡ ਦਿੱਤਾ, ਜੋ ਦਰਜਨ ਤੋਂ ਵੱਧ ਪਿੰਡਾਂ ਦੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਸਿੰਚਾਈ ਪਾਣੀ ਦਿੰਦੇ ਹਨ। ਕਿਸਾਨਾਂ ਵੱਲੋਂ ਹੈੱਡ ਵਰਕਸ ਉੱਤੇ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਕ ਪਾਸੇ ਟਿਊਬਵੈੱਲਾਂ ਉਤੇ ਬਿਜਲੀ ਸਪਲਾਈ ਸਹੀ ਨਹੀਂ ਮਿਲ ਰਹੀ ਅਤੇ ਦੂਜੇ ਪਾਸੇ ਨਹਿਰੀ ਪਾਣੀ ਦੀ ਵੀ ਹਫਤਾਵਾਰੀ ਬੰਦੀ ਸ਼ੁਰੂ ਕਰ ਦਿੱਤੀ ਹੈ, ਤੀਜਾ ਸੇਮ ਪ੍ਰਭਾਵਿਤ ਇਲਾਕਾ ਹੋਣ ਕਰਕੇ ਧਰਤੀ ਹੇਠਲਾ ਪਾਣੀ ਵੀ ਮਾੜਾ ਹੈ ਜਿਸ ਕਾਰਨ ਫਸਲਾਂ ਬਿਨਾਂ ਪਾਣੀ ਤੋਂ ਤਬਾਹ ਹੋ ਸਕਦੀਆਂ ਹਨ। ਆਗੂਆਂ ਦਾ ਕਹਿਣਾ ਹੈ ਕਿ ਉਹ ਨਹਿਰੀ ਪਾਣੀ ਦੀ ਵਾਰਬੰਦੀ ਨਹੀਂ ਕਰਨ ਦੇਣਗੇ। ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਸਮੇਤ ਮੰਗਾ ਸਿੰਘ, ਵਜੀਰ ਸਿੰਘ ਲੁੰਡੇਵਾਲਾ ਆਦਿ ਕਿਸਾਨ ਵੀ ਮੌਜੂਦ ਸਨ। ਦੂਜੇ ਪਾਸੇ ਨਹਿਰੀ ਵਿਭਾਗ ਦੇ ਸਬੰਧਤ ਐਸਡੀਓ ਬਲਵਿੰਦਰ ਕੰਬੋਜ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਦੀ ਵੰਡ ਪ੍ਰਣਾਲੀ ਰਾਹੀ, ਪਾਣੀ ਦੀ ਪਿੱਛੋਂ ਹੀ ਘਾਟ ਕਾਰਨ ਸਮੂਹ ਕਿਸਾਨਾਂ ਨੂੰ ਪਾਣੀ ਵੰਡ ਕੇ ਦਿੱਤਾ ਜਾ ਰਿਹਾ ਹੈ, ਪਰ ਅੱਜ ਕੁਝ ਕਿਸਾਨਾਂ ਵੱਲੋਂ ਉਕਤ ਹੈਡਵਰਕਸ ਉਤੇ ਆ ਕੇ ਡਿਊਟੀ ਕਰਮਚਾਰੀਆਂ ਨਾਲ ਧੱਕਾਮੁੱਕੀ ਕੀਤੀ ਗਈ ਅਤੇ ਇਕ ਕਰਮਚਾਰੀ ਦਾ ਮੋਬਾਈਲ ਵੀ ਖੋਹ ਲਿਆ ਹੈ, ਕਿਸਾਨਾਂ ਵੱਲੋਂ ਨਹਿਰ ਦੇ ਮੁੱਖ ਗੇਟ ਬੰਦ ਕਰਕੇ ਰਜਬਾਹੇ ਅਤੇ ਮਾਈਨਰ ਵਿਚ ਪਾਣੀ ਛੱਡਣ ਕਾਰਨ ਪਿੱਛੇ ਨਹਿਰ ਟੁੱਟਣ ਦਾ ਖਤਰਾ ਬਣ ਗਿਆ ਹੈ ਅਤੇ ਇਨ੍ਹਾਂ ਗੇਟਾਂ ਤੋਂ ਅੱਗੇ 30 ਰਜਬਾਹੇ ਅਤੇ ਮਾਇਨਰਾਂ ਦਾ ਪਾਣੀ ਬੰਦ ਹੋ ਗਿਆ ਹੈ। ਜ਼ਬਰਦਸਤੀ ਕਰਨ ਵਾਲਿਆਂ ਖਿਲਾਫ ਥਾਣਾ ਕੋਟਭਾਈ ਨੂੰ ਲਿਖਤੀ ਸ਼ਿਕਾਇਤ ਕੀਤੀ ਗਈ ਹੈ।