ਜਗਜੀਤ ਸਿੰਘ
ਤਲਵੰਡੀ ਸਾਬੋ, 2 ਅਕਤੂਬਰ
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਸੱਦੇ ’ਤੇ ਅੱਜ ਬਲਾਕ ਤਲਵੰਡੀ ਸਾਬੋ ਵੱਲੋਂ ਬਲਾਕ ਪ੍ਰਧਾਨ ਸਤਵੰਤ ਕੌਰ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਸਥਾਨਕ ਤਹਿਸੀਲ ਕੰਪਲੈਕਸ ਦੇ ਮੁੱਖ ਗੇਟ ਅੱਗੇ ਧਰਨਾ ਦੇ ਕੇ ਪੰਜਾਬ ਅਤੇ ਕੇਂਦਰ ਸਰਕਾਰ ਦੇ ਨਾਂ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ ਤੇ ਦੋਵਾਂ ਸਰਕਾਰਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਧਰਨੇ ਨੂੰ ਸਬੋਧਨ ਕਰਦਿਆਂ ਬਲਾਕ ਪ੍ਰਧਾਨ ਸਤਵੰਤ ਕੌਰ, ਬਲਵੀਰ ਕੌਰ, ਸੁਖਦੀਪ ਕੌਰ ਲਹਿਰੀ, ਧਰਮਜੀਤ ਕੌਰ ਅਤੇ ਬਲਵੰਤ ਕੌਰ ਨੇ ਕਿਹਾ ਕਿ ਆਈਸੀਡੀਐੱਸ ਸਕੀਮ 2 ਅਕਤੂਬਰ 1975 ਨੂੰ ਚਾਲੂ ਕੀਤੀ ਗਈ ਸੀ। ਇਸ ਸਕੀਮ ਵਿੱਚ ਇਸ ਵੇਲੇ 28 ਲੱਖ ਵਰਕਰਾਂ ਤੇ ਹੈਲਪਰਾਂ ਕੰਮ ਕਰ ਰਹੀਆਂ ਹਨ ਜਿਨ੍ਹਾਂ ਨੂੰ ਕੰਮ ਕਰਦਿਆਂ 47 ਸਾਲ ਬੀਤ ਚੁੱਕੇ ਹਨ। ਇਸ ਦੇ ਬਾਵਜੂਦ ਵੀ ਵਰਕਰਾਂ ਤੇ ਹੈਲਪਰਾਂ ਨੂੰ ਪੱਕਾ ਨਹੀਂ ਕੀਤਾ ਗਿਆ ਤੇ ਨਾ ਹੀ ਘੱਟੋ ਘੱਟ ਉਜਰਤਾਂ ਨੂੰ ਲਾਗੂ ਕੀਤਾ ਗਿਆ ਹੈ ਅਤੇ ਨਾ ਹੀ ਗੁਜ਼ਾਰੇ ਯੋਗ ਭੱਤਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਈਸੀਡੀਐੱਸ ਸਕੀਮ ਨੂੰ ਵਿਭਾਗ ਦਾ ਦਰਜਾ ਦਿੱਤਾ ਜਾਵੇ। ਆਂਗਣਵਾੜੀ ਵਰਕਰਾਂ ਨੂੰ ਪ੍ਰੀ-ਨਰਸਰੀ ਟੀਚਰ ਦਾ ਦਰਜਾ ਦੇ ਕੇ ਸਰਕਾਰੀ ਮੁਲਾਜ਼ਮ ਐਲਾਨਿਆ ਜਾਵੇ। ਹੈਲਪਰ ਨੂੰ ਚੌਥੇ ਦਰਜੇ ਦੇ ਮੁਲਾਜ਼ਮ ਦਾ ਦਰਜਾ ਦਿੱਤਾ ਜਾਵੇ ਅਤੇ ਜਦੋਂ ਤੱਕ ਸਰਕਾਰੀ ਮੁਲਾਜ਼ਮ ਦਾ ਦਰਜਾ ਨਹੀਂ ਦਿੱਤਾ ਜਾਂਦਾ ਉਸ ਸਮੇਂ ਤਕ ਤੱਕ ਘੱਟ ਘੱਟ ਉਜਰਤਾਂ ਨੂੰ ਲਾਗੂ ਕੀਤਾ ਜਾਵੇ। ਵਰਕਰਾਂ ਨੂੰ 24 ਹਜ਼ਾਰ ਅਤੇ ਹੈਲਪਰਾਂ ਨੂੰ 18 ਹਜ਼ਾਰ ਰੁਪਏ ਭੱਤਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਆਂਗਣਵਾੜੀ ਮੁਲਾਜ਼ਮਾਂ ਦੀਆਂ ਕਈ ਹੋਰ ਮੰਗਾਂ ਪਿਛਲੇ ਲੰਮੇਂ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ ਜਿਨ੍ਹਾਂ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਅਣਗੌਲਿਆਂ ਕੀਤਾ ਜਾ ਰਿਹਾ ਹੈ।
ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ
ਮਾਨਸਾ (ਪੱਤਰ ਪ੍ਰੇਰਕ): ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਯੂਨੀਅਨ ਮਾਨਸਾ ਵੱਲੋਂ ਆਪਣੀਆਂ ਹੱਕੀ ਮੰਗਾਂ ਅਤੇ ਮਸਲਿਆਂ ਨੂੰ ਲੈਕੇ ਇਥੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਥੇਬੰਦੀ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰ ਦੇ ਨਾਮ ਉਚ ਅਧਿਕਾਰੀਆਂ ਰਾਹੀਂ ਮੰਗ ਪੱਤਰ ਭੇਜਿਆ ਗਿਆ। ਵਰਕਰਾਂ ਤੇ ਹੈਲਪਰਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੀ ਬਲਾਕ ਪ੍ਰਧਾਨ ਬਲਵੀਰ ਨੇ ਕਿਹਾ ਕਿ ਆਈਸੀਡੀ ਸਕੀਮ ਨੂੰ 2 ਅਕਤੂਬਰ, 1975 ਨੂੰ ਚਾਲੂ ਕੀਤਾ ਗਿਆ ਸੀ। ਇਸ ਸਕੀਮ ਵਿੱਚ ਇਸ ਵੇਲੇ 28 ਲੱਖ ਵਰਕਰ ਤੇ ਹੈਲਪਰ ਕੰਮ ਕਰ ਰਹੀਆਂ ਹਨ ਜਿੰਨਾਂ ਨੂੰ 47 ਸਾਲ ਬੀਤ ਜਾਣ ਦੇ ਬਾਵਜੂਦ ਪੱਕਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਈਸੀਡੀਐੱਸ ਸਕੀਮ ਨੂੰ ਵਿਭਾਗ ਦਾ ਦਰਜਾ ਦਿੱਤਾ ਜਾਵੇ ਅਤੇ ਆਂਗਣਵਾੜੀ ਵਰਕਰਾਂ ਨੂੰ ਪ੍ਰੀ-ਨਰਸੀ ਟੀਚਰ ਦਾ ਦਰਜਾ ਦੇ ਕੇ ਸਰਕਾਰੀ ਮੁਲਾਜ਼ਮ ਐਲਾਨਿਆ ਜਾਵੇ। ਇਸ ਮੌਕੇ ਛਿੰਦਰਪਾਲ ਕੌਰ ਬਰਨਾਲਾ, ਰਾਣੀ ਕੌਰ, ਨਵਜੋਤ ਕੌਰ, ਪੁਸ਼ਪਾ ਰਾਣੀ, ਸੁਖਵਿੰਦਰ ਕੌਰ ਨੇ ਸੰਬੋਧਨ ਕੀਤਾ।