ਰਵਿੰਦਰ ਰਵੀ
ਬਰਨਾਲਾ, 14 ਸਤੰਬਰ
ਸਥਾਨਕ ਨਗਰ ਕੌਂਸਲ ਵੱਲੋਂ ਸ਼ਹਿਰ ਦੇ 31 ਵਾਰਡਾਂ ’ਚ ਲਾਏ ਦਿਸ਼ਾ ਸੂਚਕ ਬੋਰਡਾਂ ’ਚ ਹੋਇਆ ਘਪਲਾ ਉਜਾਗਰ ਹੋਇਆ ਹੈ। ਇਸ ਖ਼ਿਲਾਫ਼ ਸ਼ੋਮਣੀ ਅਕਾਲੀ ਦਲ ਅਤੇ ਕਾਂਗਰਸੀ ਕੌਂਸਲਰਾਂ ਦੀ ਚੁੱਪ ਨੇ ਸਵਾਲੀਆ ਚਿੰਨ੍ਹ ਲਾ ਦਿੱਤਾ ਹੈ ਪਰ ਆਜ਼ਾਦ ਜਿੱਤੇ ਕੌਂਸਲਰ ਹੇਮ ਰਾਜ ਗਰਗ ਨੇ ਝੰਡਾ ਚੁੱਕਦਿਆਂ ਅੱਜ ਆਪਣੇ ਖਰਚੇ ’ਤੇ ਨਗਰ ਕੌਂਸਲ ਵੱਲੋਂ ਲਾਏ ਦਿਸ਼ਾ ਸੂਚਕ ਬੋਰਡਾਂ ਵਾਂਗ ਦੋ ਸਾਈਨ ਬੋਰਡ ਰੇਲਵੇ ਸਟੇਸ਼ਨ ਕੋਲ ਪੰਡਿਤ ਜਵਾਹਰ ਲਾਲ ਨਹਿਰੂ ਦੇ ਬੁੱਤ ਵਾਲੇ ਚੌਕ ਅਤੇ ਰਾਮ ਬਾਗ ਰੋਡ ’ਤੇ ਲਗਾਏ ਗਏ ਹਨ। ਇਨ੍ਹਾਂ ਬੋਰਡਾਂ ’ਤੇ ਲਿਖੀ ਕੀਮਤ ਨੂੰ ਹਰ ਰਾਹਗੀਰ ਪੜ੍ਹ ਕੇ ਕੌਂਸਲ ਪ੍ਰਧਾਨ ’ਤੇ ਅਧਿਕਾਰੀਆਂ ਨੂੰ ਫਿੱਟ ਲਾਹਨਤਾਂ ਪਾ ਰਿਹਾ ਸੀ। ਇਸ ਘਪਲੇ ਦੀ ਖ਼ਬਰ ਮੁੱਖ ਮੰਤਰੀ ਦਫ਼ਤਰ ਵਿਖੇ ਪਹੁੰਚਦੇ ਹੀ ਪੜਤਾਲ ਦੇ ਹੁਕਮ ਜਾਰੀ ਕਰ ਦਿੱਤੇ ਗਏ।
ਕੌਂਸਲਰ ਹੇਮ ਰਾਜ ਗਰਗ ਨੇ ਕਿਹਾ ਕਿ ਉਸ ਵੱਲੋਂ ਤਿਆਰ ਕਰਵਾਏ ਗਏ ਸਾਈਨ ਬੋਰਡ ਦੀ ਕੁੱਲ ਕੀਮਤ 2251 ਰੁਪਏ ਖ਼ਰਚ ਆਈ ਹੈ। ਜਦਕਿ ਇਸ ਕਿਸਮ ਦੇ ਬੋਰਡ ਕੌਂਸਲ ਵੱਲੋਂ 7400 ਰੁਪਏ ਦੀ ਲਾਗਤ ਨਾਲ 465 ਬੋਰਡ ਤਿਆਰ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਸਾਈਨ ਬੋਰਡਾਂ ਦੀ ਖਰੀਦ ’ਚ 25 ਲੱਖ ਰੁਪਏ ਦਾ ਘਪਲਾ ਹੋਣ ਦਾ ਅਨੁਮਾਨ ਹੈ। ਇਸ ਘਪਲੇ ਦੀ ਉੱਚ ਪੱਧਰੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ ਤੇ ਜਾਂਚ ਦੌਰਾਨ ਜੋ ਮੁਲਜ਼ਮ ਪਾਇਆ ਜਾਵੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇ।
ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਸਾਈਨ ਬੋਰਡਾਂ ਦੇ ਨਾਮ ’ਤੇ ਕੀਤੇ ਲੱਖਾਂ ਰੁਪਏ ਦੇ ਘਪਲੇ ਦੀ ਜਾਂਚ ਸਬੰਧੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੰਦਿਆਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਕੌਂਸਲ ਦੇ ਕਾਰਜਸਾਧਕ ਅਧਿਕਾਰੀ ਮੋਹਿਤ ਸ਼ਰਮਾ ਨੇ ਕਿਹਾ ਕਿ ਸਹਾਇਕ ਕਮਿਸ਼ਨਰ ਅਮਿਤ ਬੈਂਬੀ ਵੱਲੋਂ ਸਾਈਨ ਬੋਰਡ ਬਣਾਉਣ ਵਾਲੇ ਠੇਕੇਦਾਰਾਂ ਦੀ ਅਦਾਇਗੀ, ਉੱਚ ਪੱਧਰੀ ਪੜਤਾਲ ਤੋਂ ਬਾਅਦ ਕੀਤੀ ਜਾਵੇ। ਕੌਂਸਲ ਦੇ ਅਧਿਕਾਰੀਆਂ ਨੇ ਅੱਜ ਤੁਰੰਤ ਕਾਰਵਾਈ ਕਰਦਿਆਂ ਆਪਣੇ ਲਾਮ ਲਸ਼ਕਰ ਨਾਲ ਕੌਂਸਲਰ ਵੱਲੋਂ ਲਗਾਏ ਦੋਵੇਂ ਸਾਈਨ ਬੋਰਡਾਂ ਨੂੰ ਪੁੱਟ ਦਿੱਤਾ।
ਠੇਕੇਦਾਰ ਦੀ ਅਦਾਇਗੀ ਰੋਕੀ
ਕੌਂਸਲ ਦੇ ਕਾਰਜਸਾਧਕ ਅਫ਼ਸਰ ਮੋਹਿਤ ਸ਼ਰਮਾ ਨੇ ਦੱਸਿਆ ਕਿ ਸਹਾਇਕ ਕਮਿਸ਼ਨਰ ਅਮਿਤ ਬੈਂਬੀ ਵੱਲੋਂ ਸਾਈਨ ਬੋਰਡ ਬਣਾਉਣ ਵਾਲੇ ਠੇਕੇਦਾਰਾਂ ਦੀ ਅਦਾਇਗੀ ’ਤੇ ਰੋਕ ਲਾ ਦਿੱਤੀ ਗਈ ਹੈ।