ਨਰਮੇ ਦੇ ਟੀਂਡੇ, ਫੁੱਲ ਤੇ ਪੱਤੇ ਝੜਨੇ ਸ਼ੁਰੂਾ; ਕਿਸਾਨ ਪ੍ਰੇਸ਼ਾਨ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 30 ਸਤੰਬਰ
ਮੁਕਤਸਰ ਖੇਤਰ ਵਿੱਚ ਨਰਮੇ ਦੀ ਫਸਲ ਉਪਰ ਝੁਲਸ ਰੋਗ ਦਾ ਹਮਲਾ ਹੋਣ ਨਾਲ ਪਿੰਡ ਉਦੇਕਰਣ ਦਾ 50 ਏਕੜ ਤੋਂ ਵੱਧ ਨਰਮਾ ਸੜ ਗਿਆ ਹੈ ਜਿਸ ਕਰਕੇ ਕਿਸਾਨਾਂ ’ਚ ਭਾਰੀ ਪ੍ਰੇਸ਼ਾਨੀ ਪਾਈ ਜਾ ਰਹੀ ਹੈ। ਇਸ ਬਿਮਾਰੀ ਨਾਲ ਨਰਮੇ ਦੇ ਟੀਂਡੇ, ਫੁੱਲ ਤੇ ਪੱਤੇ ਝੜ ਗਏ ਹਨ। ਪ੍ਰਭਾਵਿਤ ਕਿਸਾਨ ਚਰਨਜੀਤ ਸਿੰਘ ਭਾਈਕੇ ਨੇ ਦੱਸਿਆ ਕਿ ਉਨ੍ਹਾਂ ਦਾ ਕਰੀਬ 4 ਏਕੜ ਇਸ ਬਿਮਾਰੀ ਦੀ ਮਾਰ ਹੇਠ ਹੈ। ਨਰਮੇ ਦੇ ਬੂਟੇ ਕਾਲੇ ਹੋ ਗਏ ਹਨ। ਇਹ ਬਿਮਾਰੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਇਸੇ ਤਰ੍ਹਾਂ ਕਿਸਾਨ ਗੁਰਦੀਪ ਸਿੰਘ ਦਾ 5 ਏਕੜ, ਲਖਵਿੰਦਰ ਸਿੰਘ ਤੇ ਵਕੀਲ ਸਿੰਘ ਹੋਰਾਂ ਦਾ 4-4 ਏਕੜ ਅਤੇ ਵਾਸਦੇਵ, ਦਲਜੀਤ ਸਿੰਘ, ਗੁਰਛਿੰਦਰ ਸਿੰਘ, ਮੱਖਣ ਸਿੰਘ, ਮਲਕੀਤ ਸਿੰਘ ਦਾ 3-3 ਏਕੜ ਨਰਮਾ ਇਸ ਬਿਮਾਰੀ ਦੀ ਮਾਰ ਹੇਠ ਹੈ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਕਿਸਾਨਾਂ ਨੇ ਝੁਲਸ ਰੋਗ ਦੇ ਹਮਲੇ ਦਾ ਜ਼ਿਕਰ ਕੀਤਾ ਹੈ। ਪੀੜਤ ਕਿਸਾਨਾਂ ਦੀ ਮੰਗ ਹੈ ਕਿ ਉਨ੍ਹਾਂ ਦੀ ਰਹਿੰਦੀ ਫਸਲ ਨੂੰ ਇਸ ਬਿਮਾਰੀ ਤੋਂ ਬਚਾਅ ਲਈ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਬਿਮਾਰੀ ਦੀ ਮਾਰ ਹੇਠ ਆਏ ਨਰਮੇ ਦਾ ਮੁਆਵਜ਼ਾ ਦਿੱਤਾ ਜਾਵੇ।
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਹਾਲੇ ਤੱਕ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਆਇਆ ਪਰ ਹੁਣ ਉਹ ਟੀਮ ਭੇਜ ਕੇ ਇਸ ਦੀ ਪੜਤਾਲ ਕਰਵਾਉਣਗੇ ਅਤੇ ਯੂਨੀਵਰਸਿਟੀ ਵੱਲੋਂ ਪ੍ਰਵਾਨਿਤ ਦਵਾਈਆਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦੇਣਗੇ।
ਕੈਪਸ਼ਨ- ਨਰਮੇ ਦੇ ਝੁਲਸ ਰੋਗ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ।