ਸ਼ਗਨ ਕਟਾਰੀਆ
ਜੈਤੋ, 29 ਅਪਰੈਲ
ਨਗਰ ਕੌਂਸਲ ਜੈਤੋ ਦੇ ਸਮੁੱਚੇ ਕੌਂਸਲਰਾਂ ਦੀ ਅੱਜ ਕੌਂਸਲ ਦਫ਼ਤਰ ਵਿਚ ਮੀਟਿੰਗ ਹੋਈ, ਜਿਸ ਵਿੱਚ ਹਲਕਾ ਜੈਤੋ ਤੋਂ ਜਿੱਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮੋਲਕ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸ਼ਹਿਰ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ’ਤੇ ਮੀਟਿੰਗ ਵਿਚ ਲੰਮੀ ਚਰਚਾ ਤੋਂ ਬਾਅਦ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋੜੀਂਦੀਆਂ ਗਰਾਂਟਾਂ ਦੀ ਜ਼ਿੰਮੇਵਾਰੀ ਉਹ ਲੈਂਦੇ ਹਨ। ਉਨ੍ਹਾਂ ਸ਼ਹਿਰ ਦੀ ਦਿੱਖ ਸੁੰਦਰ ਬਣਾਉਣ ਲਈ ਸਾਰੇ ਕੌਂਸਲਰਾਂ ਨੂੰ ਸਿਆਸੀ ਮਤਭੇਦਾਂ ਨੂੰ ਭੁੱਲ ਕੇ, ਇਕਜੁੱਟ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ।
ਜ਼ਿਕਰਯੋਗ ਹੈ ਕਿ ਨਗਰ ਕੌਂਸਲ ਵਿਚ ਵਿਧਾਇਕ ਦੀ ਸੰਵਿਧਾਨਕ ਹਿੱਸੇਦਾਰੀ ਹੁੰਦੀ ਹੈ ਅਤੇ ਪਲੇਠੀ ਵਾਰ ਅਮੋਲਕ ਸਿੰਘ ਦੇ ਮੀਟਿੰਗ ’ਚ ਆਉਣ ’ਤੇ ਕੌਂਸਲਰਾਂ ਨੇ ਉਨ੍ਹਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਨਗਰ ਕੌਂਸਲ ਦੇ ਪ੍ਰਧਾਨ ਸੁਰਜੀਤ ਸਿੰਘ ਬਾਬਾ ਦੀ ਪ੍ਰਧਾਨਗੀ ਵਿਚ ਹੋਈ ਇਸ ਮੀਟਿੰਗ ਦੌਰਾਨ ਸਮੁੱਚੇ 17 ਕੌਂਸਲਰਾਂ, ਕਾਰਜਸਾਧਕ ਅਫ਼ਸਰ ਗੁਰਦਾਸ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਕੌਂਸਲਰਾਂ ਨੇ ਸ਼ਹਿਰ ਦੀਆਂ ਚਲੰਤ ਮੁਸ਼ਕਿਲਾਂ ਅਤੇ ਕੌਂਸਲ ਦੀ ਆਮਦਨ ਵਧਾਉਣ ਲਈ ਬਹੁਤ ਸਾਰੇ ਨੁਕਤੇ ਸੁਝਾਏ, ਜਿਨ੍ਹਾਂ ’ਤੇ ਅਮਲ ਕਰਨ ਲਈ ਸਰਬ ਸਾਂਝੀ ਰਾਇ ਕਾਇਮ ਕੀਤੀ ਗਈ। ਵਿਧਾਇਕ ਨੇ ਸੁਝਾਵਾਂ ਨੂੰ ਨੋਟ ਕੀਤਾ ਅਤੇ ਕਿਹਾ ਕਿ ਕੌਂਸਲ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਇਸ ਦਿਸ਼ਾ ਵੱਲ ਸਾਰਥਿਕ ਕਦਮ ਪੁੱਟੇਗੀ ਅਤੇ ਜੈਤੋ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਦਾ ਸੁਫ਼ਨਾ ਜਿੰਨੀ ਜਲਦੀ ਸੰਭਵ ਹੋ ਸਕਿਆ ਪੂਰਾ ਕੀਤਾ ਜਾਵੇਗਾ।