ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 14 ਅਪਰੈਲ
ਸਰਕਾਰੀ ਬਰਜਿੰਦਰਾ ਕਾਲਜ ਦੇ ਸੰਗੀਤ ਵਿਭਾਗ ਵੱਲੋਂ ਬ੍ਰਿਜਿੰਦਰਾ ਸੱਭਿਆਚਾਰਕ ਸੁਸਾਇਟੀ ਦੇ ਸਹਿਯੋਗ ਨਾਲ ਡਾ. ਭੀਮ ਰਾਓ ਅੰਬੇਡਕਰ ਦੀ 131ਵੀਂ ਜੈਯੰਤੀ ਮਨਾਈ ਗਈ। ਯੂਥ ਕੋਆਰਡੀਨੇਟਰ ਤੇ ਸੰਗੀਤ ਵਿਭਾਗ ਦੇ ਮੁਖੀ ਡਾ. ਰਾਜੇਸ਼ ਮੋਹਨ ਨੇ ਸਮਾਗਮ ਦੌਰਾਨ ਡਾ. ਭੀਮ ਰਾਓ ਅੰਬੇਡਕਰ ਦੇ ਜੀਵਨ ਅਤੇ ਉਨ੍ਹਾਂ ਦੁਆਰਾ ਕੀਤੇ ਗਏ ਕਾਰਜਾਂ ਬਾਰੇ ਸਰਲ ਭਾਸ਼ਾ ਵਿੱਚ ਜਾਣਕਾਰੀ ਦਿੱਤੀ। ਸੰਗੀਤ ਦੇ ਵਿਦਿਆਰਥੀਆਂ ਨੇ ਡਾ. ਅੰਬੇਡਕਰ ਨਾਲ ਸਬੰਧਤ ਗੀਤ, ਸੰਗੀਤ, ਕਵਿਤਾਵਾਂ, ਭਾਸ਼ਣ ਆਦਿ ਪੇਸ਼ ਕੀਤੇ। ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਨੇ ਉਨ੍ਹਾਂ ਨਾਲ ਜੁੜੀਆਂ ਕਈ ਘਟਨਾਵਾਂ ਨੂੰ ਬਿਆਨ ਕੀਤਾ।
ਮਾਨਸਾ (ਪੱਤਰ ਪ੍ਰੇਰਕ): ਇੱਥੇ ਅੱਜ ਵੱਖ-ਵੱਖ ਜਥੇਬੰਦੀਆਂ ਨੇ ਡਾ. ਭੀਮ ਰਾਓ ਅੰਬੇਡਕਰ ਦੇ 131ਵੇਂ ਜਨਮ ਦਿਨ ਮੌਕੇ ਰੈਲੀ ਕੱਢੀ ਤੇ ਉਨ੍ਹਾਂ ਦੇ ਬੁੱਤ ਉਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਰੈਲੀ ਕੱਢਣ ਵਾਲੀਆਂ ਜਥੇਬੰਦੀਆਂ ਵਿੱਚ ਮਹਾਂ ਰਿਸ਼ੀ ਬਾਲਮੀਕਿ ਨੌਜਵਾਨ ਸਭਾ, ਸ੍ਰੀ ਗੁਰੂ ਰਵੀਦਾਸ ਨੌਜਵਾਨ ਸਭਾ ਤੇ ਮੰਦਰ ਕਮੇਟੀ, ਬਾਬਾ ਜੀਵਨ ਸਿੰਘ ਮੰਦਰ ਕਮੇਟੀ ਤੇ ਭਾਰਤ ਮੁਕਤੀ ਮੋਰਚਾ ਇਕਾਈ ਮਾਨਸਾ ਤੇ ਮੁਸਲਿਮ ਫਰੰਟ ਪੰਜਾਬ ਸ਼ਾਮਲ ਹਨ।
ਡਾ. ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਮੋਟਰਸਾਈਕਲਾਂ ਦਾ ਕਾਫ਼ਲਾ ਸ਼ਾਂਤੀ ਭਵਨ ਮਾਨਸਾ ਵਿੱਚ ਪੁੱਜਿਆ, ਜਿੱਥੇ ਬੁਲਾਰਿਆਂ ਨੇ ਉਨ੍ਹਾਂ ਦੇ ਜੀਵਨ ਬਾਰੇ ਚਾਨਣਾ ਪਾਇਆ। ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਓਮ ਪ੍ਰਕਾਸ਼ ਉਪ-ਮੰਡਲ ਮੈਜਿਸਟ੍ਰੇਟ ਫਿਰੋਜ਼ਪੁਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਹੰਸ ਰਾਜ ਮੋਫਰ, ਮਾਸਟਰ ਗੁਰਦੇਵ ਸਿੰਘ ਕੋਟਧਰਮੂ, ਜਗਜੀਵਨ ਸਿੰਘ ਤੇ ਨਰਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।
ਇਸੇ ਦੌਰਾਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਥਾਪਿਤ ਬਾਬਾ ਸਾਹਿਬ ਦੇ ਬੁੱਤ ’ਤੇ ਮਾਨਸਾ ਦੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਜ਼ਿਲ੍ਹਾ ਵਾਸੀਆਂ ਨੂੰ ਉਨ੍ਹਾਂ ਦੇ ਦਿਖਾਏ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ।
ਬਰਨਾਲਾ (ਖੇਤਰੀ ਪ੍ਰਤੀਨਿਧ): ਇੱਥੇ ਭੱਠਲ ਭਵਨ ਵਿੱਚ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਬਰਨਾਲਾ ਵੱਲੋਂ ਸੂਬਾ ਜਨਰਲ ਸਕੱਤਰ ਕਾ. ਲਾਲ ਸਿੰਘ ਧਨੌਲਾ ਦੀ ਅਗਵਾਈ ਹੇਠ ਡਾ. ਭੀਮ ਰਾਓ ਅੰਬੇਡਕਰ ਦਾ 131ਵਾਂ ਜਨਮ ਦਿਹਾੜਾ ਮਨਾਇਆ ਗਿਆ। ਕਾ. ਧਨੌਲਾ ਨੇ ਡਾ. ਅੰਬੇਡਕਰ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਇਸਮ ਮੌਕੇ ਜਥੇਬੰਦੀ ਦਾ ਮੈਗਜ਼ੀਨ, ‘ਕੰਮੀਆਂ ਦੀ ਲਹਿਰ’ ਰਿਲੀਜ਼ ਕੀਤਾ।
ਦੋਦਾ (ਪੱਤਰ ਪ੍ਰੇਰਕ): ਪਿੰਡ ਕਾਉਣੀ ਦੇ ਰਵੀਦਾਸ ਮੰਦਰ ਵਿੱਚ ਡਾ. ਅੰਬੇਡਕਾਰ ਦਾ 131ਵਾਂ ਜਨਮ ਦਿਨ ਮਨਾਇਆ ਗਿਆ।
ਗਿੱਦੜਬਾਹਾ (ਪੱਤਰ ਪ੍ਰੇਰਕ): ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦੇ 131ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸਥਾਨਕ ਨਗਰ ਕੌਂਸਲ ਵਿੱਚ ਪ੍ਰਧਾਨ ਬਿੰਟਾ ਅਰੋੜਾ ਦੀ ਅਗਵਾਈ ‘ਚ ਕਰਵਾਏ ਸਾਦੇ ਪ੍ਰੋਗਰਾਮ ਦੌਰਾਨ ਡਾ. ਅੰਬੇਦਕਰ ਦੇ ਬੁੱਤ ਅੱਗੇ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਕੇਕ ਕੱਟ ਕੇ ਬਾਬਾ ਸਾਹਿਬ ਦਾ ਜਨਮ ਦਿਹਾੜਾ ਮਨਾਇਆ ਗਿਆ।
ਹੰਡਿਆਇਆ (ਪੱਤਰ ਪ੍ਰੇਰਕ): ਇੱਥੋਂ ਨੇੜਲੇ ਪਿੰਡ ਖੁੱਡੀ ਖੁਰਦ ਦੇ ਭਗਤ ਰਵਿਦਾਸ ਭਵਨ ਵਿੱਚ ਡਾ. ਅੰਬੇਡਕਰ ਦਾ 131ਵਾਂ ਜਨਮ ਦਿਵਸ ਮਨਾਇਆ ਗਿਆ। ਇਸ ਮੌਕੇ ਸੰਵਿਧਾਨ ਦੇ ਰਾਖੇ ਸੰਸਥਾ ਦੇ ਆਗੂ ਗੁਰਵਿੰਦਰਪਾਲ ਸਿੰਘ ਖੁੱਡੀ, ਡਾ. ਬੀ.ਆਰ. ਅੰਬੇਦਕਰ ਯੂਥ ਆਗੂ ਤਰਸੇਮ ਸਿੰਘ ਦੀ ਅਗਵਾਈ ’ਚ ਤੀਜਾ ਸਮਾਗਮ ਕਰਵਾਇਆ ਗਿਆ।
ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਡਾ. ਅੰਬੇਡਕਰ ਜੈਯੰਤੀ ਮੌਕੇ ਸਥਾਨਕ ਸਿਟੀ ਹੋਟਲ ਵਿੱਚ ‘ਸ਼ਾਈਨਿੰਗ ਸਟਾਰ ਸਨਮਾਨ ਸਮਾਰੋਹ’ ਕਰਵਾਇਆ ਗਿਆ| ਇਸ ਮੌਕੇ ਮੁਕਤਸਰ ਵਿਕਾਸ ਮਿਸ਼ਨ ਦੇ ਮੁਖੀ ਜਗਦੀਸ਼ ਰਾਏ ਢੋਸੀਵਾਲ, ਮਨਜੀਤ ਸਿੰਘ ਬਰਾੜ, ਬੈਂਕ ਮੈਨੇਜਰ ਰਾਕੇਸ਼ ਕੁਮਾਰ ਤੇ ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ਕਿਹਾ ਕਿ ਡਾ. ਅੰਬੇਡਕਰ ਵੱਲੋਂ ਦੇਸ਼ ਦਾ ਸੰਵਿਧਾਨ ਬਣਾਉਣ ਸਮੇਤ ਪਾਏ ਗਏ ਯੋਗਦਾਨ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ| ਇਸ ਮੌਕੇ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਫਤਿਹਵੀਰ, ਮਾਧਵ, ਗੋਵਿੰਦ, ਹਰਗੁਣਦੀਪ, ਮੰਨਤ, ਮਨਤੇਸ਼ਵਰ, ਅਨਵੀਰ ਪ੍ਰਤਾਪ, ਇਬਾਦਤ, ਧਰੁਵ, ਭੂਮਿਕਾ, ਏਕਮ, ਰਬੀਨਾ, ਪੀਹੂ, ਸਿਮਰਨ, ਰਿਆਂਸ਼, ਰੇਵਾ, ਅਨਿਕੇਤ ਕਟਾਰੀਆ ਅਤੇ ਵਿਵੇਕ ਆਦਿ ਸਮੇਤ 33 ਵਿਦਿਆਰਥੀਆਂ ਨੂੰ ਮਿਸ਼ਨ ਵੱਲੋਂ ਸ਼ਾਨਦਾਰ ਮੋਮੈਂਟੋ, ਸਰਟੀਫਿਕੇਟ ਅਤੇ ਗਿਫਟ ਪੈਕ ਦੇ ਕੇ ਸਨਮਾਨਿਤ ਕੀਤਾ ਗਿਆ।
ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ): ਭੀਮ ਰਾਓ ਅੰਬੇਡਕਰ ਕਲੱਬ ਰੌਂਤਾ ਨੇ ਬਾਬਾ ਸਾਹਿਬ ਡਾ. ਅੰਬੇਡਕਰ ਨਗਰ ਰੌਂਤਾ ਵਿੱਚ ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਸਰਕਾਰੀ ਸੈਕੰਡਰੀ ਸਕੂਲ ਰੌਂਤਾ, ਅਨੰਦ ਸਾਗਰ ਅਕੈਡਮੀਂ, ਬਾਬਾ ਜਸਵੰਤ ਸਿੰਘ ਸਕੂਲ ਆਦਿ ਵੱਖ ਵੱਖ ਸਕੂਲਾਂ ਦੇ ਛੇਵੀਂ ਤੋਂ ਗਿਆਰਵੀਂ ਤੱਕ ਦੇ ਪਹਿਲੇ ਦੂਜੇ ਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ। ਇਸ ਮੌਕੇ ਕਰਨੈਲ ਸਿੰਘ ਫ਼ੌਜੀ, ਗਿਆਨੀ ਸੁਖਵਿੰਦਰ ਸਿੰਘ, ਪ੍ਰਧਾਨ ਮਨਦੀਪ ਕੌਰ, ਸੰਦੀਪ ਕੌਰ ਤੇ ਦਲਜੀਤ ਸਿੰਘ ਨੇ ਬੱਚਿਆਂ ਨੂੰ ਡਾ. ਅੰਬੇਡਕਰ ਦੇ ਜੀਵਨ ਤੋਂ ਸੇਧ ਲੈ ਕੇ ਅੱਗੇ ਵਧਣ ਲਈ ਪ੍ਰੇਰਿਆ।