ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 16 ਸਤੰਬਰ
ਟਰੱਕ ਯੂਨੀਅਨ ਰਾਮਪੁਰਾ ਫੂਲ ਵਿੱਚ ਹੋ ਰਹੀ ਕਥਿਤ ਲੁੱਟ ਦਾ ਖੁਲਾਸਾ ਕਰਦਿਆਂ ਨਿਰਮਲ ਸਿੰਘ ਗਿੱਲ ਮਹਿਰਾਜ ਨੇ ਦੱਸਿਆ ਕਿ ਟਰੱਕ ਯੂਨੀਅਨ ਦੇ ਪ੍ਰਧਾਨ ਭਰਪੂਰ ਸਿੰਘ ਬੁਰਜ ਗਿੱਲ ਵੱਲੋਂ ਵਗਾਰ ਵਿੱਚ ਨਜਾਇਜ ਢੰਗ ਨਾਲ ਆਪਣੇ ਚਹੇਤਿਆਂ ਦੀਆਂ ਅਤੇ ਆਪਣੀਆਂ ਸਿੱਧੀਆਂ ਗੱਡੀਆਂ ਭਰ ਕੇ ਅਪ੍ਰੇਟਰਾਂ ਦੀ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਹਾ ‘ਤੇ ਗੱਠਾਂ ਮਾਰਕਫੈਡ ਦੀ ਕਣਕ ਵੀ ਪ੍ਰਧਾਨ ਦੇ ਚਹੇਤਿਆਂ ਨੂੰ ਦੇ ਰਹੇ ਹਨ ਅਤੇ ਗੱਡੀਆਂ ਤੋਂ 3500 ਰੁਪਏ ਪਰ ਗੱਡੀ ਖਰਚਾ ਕੱਟਿਆ ਜਾ ਰਿਹਾ ਹੈ ਜੋ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਅਪ੍ਰੇਟਰਾਂ ਤੋਂ ਕੋਈ ਖਰਚਾ ਨਹੀਂ ਸੀ ਕੱਟਿਆ ਜਾਂਦਾ ਅਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਨਿਰਦੇਸ਼ਾਂ ਹੇਠ ਅਪ੍ਰੇਟਰਾਂ ਨੂੰ ਯੂਨੀਅਨ ਵਿਖੇ ਮੁਨਾਫ਼ਾ ਵੰਡਿਆਂ ਜਾਂਦਾ ਸੀ। ਉਨ੍ਹਾਂ ਅੱਗੇ ਕਿਹਾ ਕਿ 2022 ਵਿੱਚ ਅਕਾਲੀ ਦਲ ਬਸਪਾ ਦੀ ਗੱਠਜੋੜ ਸਰਕਾਰ ਬਣਦੇ ਹੀ ਅਪ੍ਰੇਟਰਾਂ ਦਾ ਖਰਚਾ ਕੱਟਣਾ ਬੰਦ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਯੂਨੀਅਨ ਦੇ ਖਾਤੇ ਵਿੱਚ ਟੀ.ਡੀ.ਐਸ ਦੇ 3800000 ਲੱਖ ਰੁਪਏ ਆਏ ਸਨ ਜੋ ਅਪ੍ਰੇਟਰਾਂ ਨੂੰ ਨਹੀਂ ਵੰਡੇ ਗਏ ਜਿਸ ਦੀ ਹਾਈਕੋਰਟ ਵਿੱਚ ਰਿੱਟ ਪਾ ਕੇ ਅਪ੍ਰੇਟਰਾਂ ਦਾ ਟੀ.ਡੀ.ਐਸ ਦਾ ਸਾਰਾ ਪੈਸਾ ਵਾਪਿਸ ਕਰਵਾਂਗੇ। ਉਨ੍ਹਾਂ ਅਪ੍ਰੇਟਰਾਂ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਬਸਪਾ ਦੀ ਸਰਕਾਰ ਬਣਾਓ, ਕਾਂਗਰਸ ਦੇ ਝੂਠੇ ਵਾਅਦਿਆਂ ਵਿੱਚ ਨਾ ਆਓ। ਇਸ ਮੌਕੇ ਜਗਜੀਤ ਸਿੰਘ ਜੱਗਾ, ਮਨਦੀਪ ਸਿੰਘ, ਸਨਦੀਪ ਸਿੰਘ, ਚਮਕੌਰ ਸਿੰਘ, ਰਣਜੀਤ ਸਿੰਘ ਆਦਿ ਹਾਜ਼ਰ ਸਨ। ਉੱਧਰ ਟਰੱਕ ਯੂਨੀਅਨ ਦੇ ਪ੍ਰਧਾਨ ਭਰਪੂਰ ਸਿੰਘ ਗਿੱਲ ਦਾ ਕਹਿਣਾ ਹੈ ਕਿ ਯੂਨੀਅਨ ਅੰਦਰ ਸਾਰਾ ਕੰਮ ਪਾਰਦਰਸ਼ੀ ਢੰਗ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਵਿਅਕਤੀ ਵਲੋਂ 3500 ਰੁਪਏ ਦੀ ਕੋਈ ਪਰਚੀ ਕੱਟੀ ਗਈ ਹੈ ਤਾਂ ਉਸ ਦਾ ਕੋਈ ਸਬੂਤ ਵੀ ਹੋਵੇਗਾ।