ਪੱਤਰ ਪ੍ਰੇਰਕ
ਜੈਤੋ, 6 ਦਸੰਬਰ
ਇੱਥੋਂ ਦੇ ਵਸਨੀਕ ਲਾਜਪਤ ਰਾਏ ਗਰਗ ਨੇ ਐੱਸਡੀਐੱਮ ਤੇ ਨਗਰ ਕੌਂਸਲ ਜੈਤੋ ਦੇ ਨਿਗਰਾਨ ਨੂੰ ਪੱਤਰ ਲਿਖ ਕੇ ਕੌਂਸਲ ਦੇ ਸੂਚਨਾ ਅਧਿਕਾਰੀ ’ਤੇ ਆਰਟੀਆਈ ਰਾਹੀਂ ਸੂਚਨਾ ਨਾ ਦੇਣ ਦਾ ਦੋਸ਼ ਲਾਉਂਦਿਆਂ ਦਖ਼ਲ ਦੇਣ ਦੀ ਮੰਗ ਕੀਤੀ ਹੈ। ਸ੍ਰੀ ਗਰਗ ਨੇ ਪੱਤਰ ਰਾਹੀਂ ਯਾਦ ਕਰਵਾਇਆ ਕਿ ਉਨ੍ਹਾਂ ਦੇ ਹੁਕਮ ਤਹਿਤ ਕੌਂਸਲ ਨੂੰ ਸੂਚਨਾ ਦੇਣ ਦੇ ਹੁਕਮ ਜਾਰੀ ਕੀਤੇ ਗਏ ਸਨ ਪਰ ਉਨ੍ਹਾਂ ਦੀ ਕਥਿਤ ਪਾਲਣਾ ਨਹੀਂ ਹੋਈ। ਉਨ੍ਹਾਂ ਕਿਹਾ ਕਿ ਅਕਸਰ ਬਹੁਤ ਘੱਟ ਡਿਊਟੀ ਕਰਨ ਵਾਲੇ ਤਤਕਾਲੀ ਈ.ਓ. ਦੀ ਡੀ.ਸੀ. ਫ਼ਰੀਦਕੋਟ ਨੇ ਜਵਾਬ-ਤਲਬੀ ਕਰਦਿਆਂ, ਉਸ ਬਾਰੇ ਸਥਾਨਕ ਸਰਕਾਰਾਂ ਵਿਭਾਗ ਦੇ ਮੁੱਖ ਦਫ਼ਤਰ ਨੂੰ ਕਾਰਵਾਈ ਲਈ ਲਿਖ਼ਿਆ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਇਸ ਸਬੰਧੀ ਸ਼ਿਕਾਇਤ ਡਿਪਟੀ ਡਾਇਰੈਕਟਰ ਫ਼ਿਰੋਜ਼ਪੁਰ ਕੋਲ ਵੀ ਕੀਤੀ ਗਈ ਅਤੇ ਫੈਸਲਾ ਉਨ੍ਹਾਂ ਦੇ ਪੱਖ ’ਚ ਹੋਣ ’ਤੇ ਵੀ ਕੋਈ ਸੁਰ-ਜਵਾਬ ਨਹੀਂ ਆਇਆ। ਉਨ੍ਹਾਂ ਕਿਹਾ ਇਸੇ ਤਰ੍ਹਾਂ ਦੂਜੀ ਅਪੀਲ ਰਾਜ ਸੂਚਨਾ ਕਮਿਸ਼ਨਰ ਨੂੰ ਕੀਤੀ ਗਈ, ਜਿਸ ਦੀਆਂ 9 ਤਰੀਕਾਂ ਪੈਣ ਦੇ ਬਾਵਜੂਦ ਮਾਮਲਾ ਤਣ-ਪੱਤਣ ਨਹੀਂ ਲਾਇਆ ਜਾ ਰਿਹਾ। ਦੱਸਣ ਅਨੁਸਾਰ ਪਹਿਲੀ ਜੁਲਾਈ ਨੂੰ ਡਿਪਟੀ ਕਮਿਸ਼ਨਰ ਫ਼ਰੀਦਕੋਟ ਦੇ ਹੁਕਮ ਪੱਤਰ ਰਾਹੀਂ ਕੌਂਸਲ ਕੋਲ ਪਹੁੰਚੇ ਪਰ ਸੂਚਨਾ ਫਿਰ ਵੀ ਨਹੀਂ ਦਿੱਤੀ ਗਈ। ਸ੍ਰੀ ਗਰਗ ਨੇ ਐੱਸਡੀਐੱਮ ਨੂੰ ਬੇਨਤੀ ਕੀਤੀ ਹੈ ਕਿ ਇਸ ਮਾਮਲੇ ਵਿੱਚ ਬਣਦਾ ਦਖ਼ਲ ਦੇ ਕੇ ਉਨ੍ਹਾਂ ਨੂੰ ਲੋੜੀਂਦੀ ਜਾਣਕਾਰੀ ਮੁਹੱਈਆ ਕਰਾਉਣ ਸਮੇਤ ਲੇਟ-ਲਤੀਫ਼ੀ ਲਈ ਜ਼ਿੰਮੇਵਾਰਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਧਰ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਗੁਰਦਾਸ ਸਿੰਘ ਨੇ ਲਾਏ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਅਦਾਰੇ ਵੱਲੋਂ ਆਰਟੀਆਈ ਦੇ ਕਾਨੂੰਨੀ ਦਾਇਰੇ ’ਚ ਰਹਿੰਦਿਆਂ ਸਬੰਧਿਤ ਵਿਅਕਤੀ ਨੂੰ ਹਰ ਮੰਗੀ ਗਈ ਸੂਚਨਾ ਦਿੱਤੀ ਜਾ ਚੁੱਕੀ ਹੈ।