ਬਲਜੀਤ ਸਿੰਘ
ਸਰਦੂਲਗੜ੍ਹ 9 ਜੂਨ
ਟਰੱਕ ਅਪਰੇਟਰ ਯੂਨੀਅਨ ਸਰਦੂਲਗੜ੍ਹ ਦੇ ਟਰੱਕ ਅਪਰੇਟਰਾਂ ਵੱਲੋਂ ਐਸਡੀਐਮ ਸਰਦੂਲਗੜ੍ਹ ਅਤੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਇਕ ਮੰਗ ਪੱਤਰ ਦੇਕੇ ਮੰਗ ਕੀਤੀ ਹੈ ਕਿ ਸੀਜ਼ਨ ਦੌਰਾਨ ਕਣਕ ਦੀ ਢੋਆ-ਢੁਆਈ ਕਰਨ ਦੇ ਟੈਂਡਰਾਂ ਵਿਚ ਹੋਈ ਘਪਲੇਬਾਜ਼ੀ ਦੀ ਜਾਂਚ ਕਰਕੇ ਟਰੱਕ ਅਪਰੇਟਰਾਂ ਨੂੰ ਬਣਦਾ ਕਿਰਾਇਆ ਦੁਆਇਆ ਜਾਵੇ ਅਤੇ ਦੋਸ਼ੀਆਂ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮੰਗ ਪੱਤਰ ਦਿੰਦਿਆਂ ਰਮਨਦੀਪ ਕੁਮਾਰ (ਰੰਮੀ), ਸੁੱਖਵਿੰਦਰ ਸਿੰਘ ਹੀਰਕਾ, ਸੰਦੀਪ ਟੀਟੂ, ਗੁਰਪ੍ਰੀਤ ਵੱਡਾ, ਮਨੀ ਬਾਂਦਰਾ, ਕਾਲਾ ਫੱਤਾ, ਦੀਪ ਮੀਰਪੁਰ, ਰੋਹੀ ਰਾਮ (ਮੰਗਾ) ਆਦਿ ਨੇ ਦੱਸਿਆ ਕਿ ਕਣਕ ਦੇ ਸੀਜ਼ਨ ਤੋਂ ਪਹਿਲਾਂ ਕਾਂਗਰਸ ਸਰਕਾਰ ਦੌਰਾਨ ਟਰੱਕ ਯੂਨੀਅਨ ਸਰਦੂਲਗੜ੍ਹ ਦੇ ਟੈਂਡਰ ਟਰੱਕ ਯੂਨੀਅਨ ਦੇ ਸਾਬਕਾ ਮੁਨਸ਼ੀ ਦਵਿੰਦਰਪਾਲ ਗੋਧੀ ਦੇ ਨਾਂ ’ਤੇ ਦਿੱਤੇ ਗਏ। ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੂਬੇ ਦੀਆਂ ਵੱਖ-ਵੱਖ ਟਰੱਕ ਯੂਨੀਅਨਾਂ ਵਿੱਚ ਦਿੱਤੇ ਗਏ ਟੈਂਡਰ ਬਣਾਈਆਂ ਗਈਆਂ ਕਮੇਟੀਆਂ ਜਾਂ ਟਰੱਕ ਯੂਨੀਅਨ ਦੇ ਮੁੱਖ ਵਿਅਕਤੀਆਂ ਦੇ ਨਾਮ ਤਬਦੀਲ ਕਰ ਦਿੱਤੇ ਗਏ ਸਨ। ਟਰੱਕ ਯੂਨੀਅਰ ਸਰਦੂਲਗੜ੍ਹ ’ਚ ਸੱਤਾ ਧਿਰ ਨਾਲ ਸਬੰਧਤ ਇਕ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਸ ਨੇ ਟਰੱਕ ਆਪ੍ਰੇਟਰਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਟੈਂਡਰ ਸਬੰਧਤ ਠੇਕੇਦਾਰ ਦੇ ਨਾਂ ’ਤੇ ਹੀ ਰਹਿਣ ਦਿੱਤੇ ਜਾਣ ਅਤੇ ਠੇਕੇਦਾਰ ਵੱਲੋਂ ਆਪਣਾ ਖਰਚ ਘਟਾ ਕੇ ਜੋ ਰੇਟ ਬਣਨਗੇ ਸਾਰੇ ਅਪਰੇਟਰਾਂ ਨੂੰ ਉਹ ਸਹੀ ਰੇਟ ਦਿੱਤੇ ਜਾਣਗੇ। ਸੱਤ ਮੈਂਬਰੀ ਕਮੇਟੀ ਵੱਲੋਂ ਬਕਾਇਦਾ ਇਸ ਦੀ ਇਕ ਲਿਸਟ ਡਿਸਪਲੇ ਬੋਰਡ ਉਪਰ ਵੀ ਲਗਾਈ ਗਈ ਸੀ। ਪਰ ਰਮਨਦੀਪ ਕੁਮਾਰ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਮੰਗੀ ਗਈ ਜਾਣਕਾਰੀ ਅਨੁਸਾਰ ਬੋਰਡ ਤੇ ਲਗਾਈ ਗਈ ਲਿਸਟ ਅਤੇ ਸਰਕਾਰ ਵੱਲੋਂ ਦਿੱਤੇ ਗਏ ਢੋਆ-ਢੁਆਈ ਦੇ ਟੈਂਡਰਾਂ ਵਿਚ ਬਹੁਤ ਵੱਡਾ ਫ਼ਰਕ ਪਾਇਆ ਗਿਆ ਹੈ।