ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 30 ਜਨਵਰੀ
ਪੇਂਡੂ ਮਜ਼ਦੂਰ ਯੂਨੀਅਨ ਇਕਾਈ ਝਬੇਲਵਾਲੀ ਦੀ ਮੀਟਿੰਗ ਗਿਆਨ ਸਿੰਘ ਝਬੇਲਵਾਲੀ ਦੀ ਅਗਵਾਈ ਹੇਠ ਬਾਬਾ ਜੀਵਨ ਸਿੰਘ ਧਰਮਸ਼ਾਲਾ ਵਿੱਚ ਹੋਈ, ਜਿਸ ਵਿੱਚ ਫ਼ੂਡ ਸਪਲਾਈ ਵਿਭਾਗ ਵੱਲੋਂ ਮਜ਼ਦੂਰਾਂ ਲਈ ਆਈ ਡਿੱਪੂ ਦੀ ਸਸਤੀ ਕਣਕ ਨਾ ਵੰਡਣ ਦਾ ਦੋਸ਼ ਲਾਉਂਦੇ ਹੋਏ ਆਉਣ ਵਾਲੇ ਦਿਨਾਂ ’ਚ ਫੂਡ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਗਿਆ। ਆਗੂਆਂ ਵੱਲੋਂ ਵਿਭਾਗ ਦੇ ਇੰਸਪੈਕਟਰ ਨਰਿੰਦਰਜੀਤ ਸਿੰਘ ਨਾਲ ਫੋਨ ’ਤੇ ਗੱਲਬਾਤ ਕਰਨ ’ਤੇ ਉਨ੍ਹਾਂ ਜਲਦੀ ਮਾਮਲਾ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਸਮੇਂ ਸੰਬੋਧਨ ਕਰਦੇ ਹੋਏ ਯੂਨੀਅਨ ਦੇ ਆਗੂਆਂ ਮਨਪ੍ਰੀਤ ਕੌਰ, ਜੱਗਾ ਸਿੰਘ, ਮਿੱਠੂ ਸਿੰਘ ਤੇ ਪੱਪੂ ਸਿੰਘ ਨੇ ਦੱਸਿਆ ਕਿ 12 ਜਨਵਰੀ ਨੂੰ ਪਿੰਡ ਵਿਚ ਡਿੱਪੂ ਹੋਲਡਰ ਰੋਸ਼ਨ ਲਾਲ ਦੁਆਰਾ ਪਰਚੀਆਂ ਕੱਟੀਆਂ ਗਈਆਂ ਸਨ ਪਰ ਅੱਜ 17 ਦਿਨ ਬੀਤ ਜਾਣ ਦੇ ਬਾਅਦ ਵੀ ਕਣਕ ਨਹੀਂ ਵੰਡੀ ਗਈ। ਉਨ੍ਹਾਂ ਕਿਹਾ ਕਿ ਜੇਕਰ ਦੋ ਦਿਨਾਂ ਵਿੱਚ ਮਜ਼ਦੂਰਾਂ ਦੀ ਕਣਕ ਨਾ ਵੰਡੀ ਗਈ ਤਾਂ ਫੂਡ ਸਪਲਾਈ ਵਿਭਾਗ ਸਾਹਮਣੇ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਚਰਨਾ ਸਿੰਘ, ਬਲਜਿੰਦਰ ਕੌਰ, ਅੰਗਰੇਜ਼ ਕੌਰ, ਪਾਲ ਕੌਰ, ਅੰਮ੍ਰਿਤਪਾਲ ਸਿੰਘ, ਵੀਰਪਾਲ ਕੌਰ ਆਦਿ ਤੋਂ ਇਲਾਵਾ ਮਜ਼ਦੂਰ ਹਾਜ਼ਰ ਸਨ।