ਯਸ਼ ਚਟਾਨੀ
ਬਾਘਾਪੁਰਾਣਾ, 28 ਜੂਨ
ਥੋੜਾ ਚਿਰ ਪਹਿਲਾਂ ਨਸ਼ਿਆਂ ਦੀ ਦਲ-ਦਲ ’ਚ ਫਸਿਆ ਨੌਜਵਾਨ ਸਿਕੰਦਰ ਸਿੰਘ ਢੁੱਡੀਕੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਨਾਸ੍ਰੋਤ ਬਣੇਗਾ, ਇਹ ਕਿਸੇ ਨੇ ਸੋਚਿਆ ਤੱਕ ਵੀ ਨਹੀਂ ਸੀ। ਹੁਣ ਜਦ ਨਸ਼ਿਆਂ ਖਿਲਾਫ਼ ਹੁੰਦੇ ਸੈਮੀਨਾਰਾਂ, ਨਾਟਕਾਂ ਜਾਂ ਮੀਟਿੰਗਾਂ ’ਚ ਸਿਕੰਦਰ ਸਿੰਘ ਮੋਹਰੀ ਹੋ ਕੇ ਇਸ ਕੋਹੜ ਤੋਂ ਦੂਰ ਰਹਿਣ ਲਈ ਆਪਣੇ ਪਿੰਡੇ ਉਪਰ ਹੰਢਾਏ ਸੰਤਾਪ ਦੀ ਹੱਡ ਬੀਤੀ ਸੁਣਾਉਂਦਾ ਹੈ ਤਾਂ ਲੋਕ ਮੂੰਹ ’ਚ ਉਂਗਲਾ ਪਾਈ ਬੈਠੇ ਰਹਿੰਦੇ ਹਨ। ਨਸ਼ਿਆਂ ਵਾਲੇ ਜਾਲ ਵਿਚ ਫਸਣ ਤੋਂ ਲੈ ਕੇ ਨਿਕਲਣ ਤੱਕ ਦੀਆਂ ਨਿੱਤ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਉਹ ਇਕ-ਇਕ ਕਰ ਕੇ ਗਿਣਾਉਂਦਾ-ਗਿਣਾਉਂਦਾ ਹੰਝੂਆਂ ਦੇ ਦਰਿਆ ਲਾ ਸੁੱਟਦਾ ਹੈ। ਚੰਗੇ ਘਰਾਣੇ ’ਚ ਜੰਮਿਆ-ਪਲਿਆ ਸਿਕੰਦਰ ਦੱਸਦਾ ਹੈ ਕਿ ਨਸ਼ਿਆਂ ਨੇ ਉਸ ਨੂੰ ਮਲੰਗ ਕਰਕੇ ਸੁੱਟ ਦਿੱਤਾ ਸੀ, ਜਦਕਿ ਨਸ਼ਿਆਂ ਨੂੰ ਛੱਡ ਕੇ ਉਹ ਅੱਜ ‘ਰਾਜਾ ਸਿਕੰਦਰ’ ਬਣ ਗਿਆ ਹੈ। ਨਸ਼ਿਆਂ ਖਿਲਾਫ਼ ਲੜੀ ਜੰਗ ਵਿਚ ਉਹ ਸਹੀ ਮਾਅਨਿਆਂ ’ਚ ਜਿੱਤਿਆ ਹੈ ਅਤੇ ਉਸਨੇ ਆਪਣੇ ਦ੍ਰਿੜ ਸੰਕਲਪ ਅਤੇ ਨਿੱਗਰ ਇਰਾਦਿਆਂ ਨਾਲ ਉਹ ਕਹਾਵਤ ਸੱਚ ਕਰ ਦਿਖਾਈ ਹੈ ਕਿ ‘ਜੋ ਜੀਤਾ ਵਹੀ ਸਿਕੰਦਰ’। ਉਸ ਨੇ ਆਪਣੀ ਇਹ ਦਾਸਤਾਨ ਮੈਡੀਕਲ ਪ੍ਰੈਕਟੀਸ਼ਨਰਜ਼ ਵਲੋਂ ਆਯੋਜਿਤ ਇਕ ਨਸ਼ਾ ਛੁਡਾਊ ਕੈਂਪ ਦੌਰਾਨ ਸੁਣਾਈ।