ਜਸਵੰਤ ਜੱਸ
ਫ਼ਰੀਦਕੋਟ, 5 ਜਨਵਰੀ
‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਇੱਥੇ ਅਨਾਜ ਮੰਡੀ ਵਿੱਚ ਪਾਰਟੀ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਦੇ ਹੱਕ ਵਿੱਚ ਭਰਵੀਂ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਚੋਣਾਂ ਦੌਰਾਨ ਜੋ ਵੀ ਵਾਅਦੇ ਕਰੇਗੀ, ਉਹ ਹਰ ਹਾਲਤ ਵਿੱਚ ਪੂਰੇ ਕੀਤੇ ਜਾਣਗੇ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀਆਂ ਤੇ ਕਾਂਗਰਸੀਆਂ ਨੇ ਰਲ ਕੇ ਪੰਜਾਬ ਨੂੰ ਕਰਜ਼ਾਈ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ 44 ਸਾਲ ਰਾਜ ਕਰਨ ਵਾਲੀਆਂ ਸਿਆਸੀ ਧਿਰਾਂ ਦਗ਼ਾ ਨਾ ਕਰਦੀਆਂ ਤਾਂ ਪੰਜਾਬ ਦੁਨੀਆਂ ਦੇ ਸਭ ਤੋਂ ਖੁਸ਼ਹਾਲ ਖਿੱਤਿਆਂ ਵਿੱਚੋਂ ਇੱਕ ਹੋਣਾ ਸੀ। ਸੂਬਾ ਪ੍ਰਧਾਨ ਨੇ ਕਿਹਾ ਕਿ ਇੱਕ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੇ ਗਏ ਐਲਾਨ ਸਿਰਫ਼ ਚੋਣ ਸਟੰਟ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਮੈਨੀਫੈਸਟੋ ਕਮੇਟੀ ਦੀ ਅਜੇ ਤੱਕ ਮੀਟਿੰਗ ਨਹੀਂ ਹੋਈ ਅਤੇ ਸਿੱਧੂ ਆਪਣੇ ਪੱਧਰ ’ਤੇ ਹੀ ਲੋਕਾਂ ਨੂੰ ਸਹੂਲਤਾਂ ਦੇ ਫੋਕੇ ਐਲਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੀ ਸਥਿਤੀ ਵਿਆਹ ਵਿੱਚ ਮਿਲੇ ਸੂਟ ਵਰਗੀ ਹੈ, ਜਿਸ ਨੂੰ ਕੋਈ ਨਹੀਂ ਰੱਖਣਾ ਚਾਹੁੰਦਾ। ਫ਼ਰੀਦਕੋਟ ਦੇ ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਨੇ ਕਿਹਾ ਕਿ ਪੰਜਾਬ ਦੀ ਖੁਸ਼ਹਾਲੀ ਲਈ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਜ਼ਰੂਰ ਦਿੱਤਾ ਜਾਵੇ।
‘ਆਪ’ ਉਮੀਦਵਾਰ ਦਾ ਫੋਨ ਚੋਰੀ
ਰੈਲੀ ਖ਼ਤਮ ਹੋਣ ਤੋਂ ਬਾਅਦ ਜਦੋਂ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਭਗਵੰਤ ਮਾਨ ਨਾਲ ਗੱਲ ਕਰ ਰਹੇ ਸਨ ਤਾਂ ਕਿਸੇ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਦਾ ਮੋਬਾਈਲ ਚੋਰੀ ਕਰ ਲਿਆ। ਪੁਲੀਸ ਨੇ ਇਸ ਸਬੰਧੀ ਥਾਣਾ ਸਿਟੀ ਫਰੀਦਕੋਟ ਵਿੱਚ ਰਿਪੋਰਟ ਦਰਜ ਕਰ ਲਈ ਹੈ।