ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 20 ਅਗਸਤ
ਮੋਗਾ ਦੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਯੋਗੇਸ਼ ਗੋਇਲ ਦੀ ਲੰਘੀ ਰਾਤ ਉਨ੍ਹਾਂ ਦੇ ਲਾਇਸੈਂਸੀ ਰਿਵਾਲਵਰ ’ਚੋਂ ਭੇਤ-ਭਰੀ ਹਾਲਤ ’ਚ ਗੋਲੀ ਚੱਲਣ ਕਾਰਨ ਮੌਤ ਹੋ ਗਈ। ਯੋਗੇਸ਼ ਗੋਇਲ ਸ਼ਹਿਰ ਦੇ ਵੱਡੇ ਕਾਰੋਬਾਰੀ ਸਨ। ਉਨ੍ਹਾਂ ਦੇ ਔਰਬਿਟ, ਗੀਤਾ ਰਿਜ਼ੋਰਟ ਤੇ ਮਲਟੀਪਲੈਕਸ ਸਨ। ਗੋਇਲ ਅਕਾਲੀ ਦਲ ਦੇ ਪੁਰਾਣੇ ਆਗੂ ਅਤੇ ਮਰਹੂਮ ਜਥੇਦਾਰ ਤੋਤਾ ਸਿੰਘ ਦੇ ਨਜ਼ਦੀਕੀ ਮੰਨੇ ਜਾਂਦੇ ਸਨ।
ਅਕਾਲੀ ਦਲ ਸੂਬਾਈ ਆਗੂ ਬਰਜਿੰਦਰ ਸਿੰਘ ਬਰਾੜ ਨੇ ਗੋਇਲ ਪਰਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। 60 ਸਾਲਾਂ ਦੇ ਯੋਗੇਸ਼ ਗੋਇਲ ਆਪਣੇ ਪਿੱਛੇ ਦੋ ਲੜਕੇ ਛੱਡ ਗਏ। ਮ੍ਰਿਤਕ ਦੇ ਲੜਕੇ ਨੇ ਕਿਹਾ ਕਿ ਰਿਵਾਲਵਰ ਸਾਫ ਕਰਦਿਆਂ ਅਚਾਨਕ ਚੱਲੀ ਗੋਲੀ ਯੋਗੇਸ਼ ਗੋਇਲ ਦੀ ਠੋਡੀ ਵਿੱਚ ਲੱਗੀ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਂਦਾ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉੱਧਰ, ਜਾਂਚ ਅਧਿਕਾਰੀ ਏਐੱਸਆਈ ਮਲਕੀਤ ਸਿੰਘ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।