ਬਲਜੀਤ ਸਿੰਘ
ਸਰਦੂਲਗੜ੍ਹ, 3 ਅਗਸਤ
ਵਾਇਰਲ ਹੋਈ ਆਡੀਓ ਵਿਚ ਕਾਂਗਰਸ ਦੇ ਸਾਬਕਾ ਵਿਧਾਇਕ ਵੱਲੋਂ ਦਲਿਤਾਂ ਲਈ ਵਰਤੀ ਕਥਿਤ ਗਲਤ ਸ਼ਬਦਾਵਲੀ ਖ਼ਿਲਾਫ਼ ਅੱਜ ਅਕਾਲੀ-ਬਸਪਾ ਵੱਲੋਂ ਇਥੇ ਅਨਾਜ ਮੰਡੀ ਵਿਖੇ ਰੋਸ ਰੈਲੀ ਰੱਖੀ ਗਈ, ਜਿਸ ਵਿਚ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਅਤੇ ਅਕਾਲੀ ਦਲ ਐੱਸਸੀ ਵਿੰਗ ਦੇ ਸੂਬਾ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਪਹੁੰਚੇ। ਇਸ ਮੌਕੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਪ੍ਰਧਾਨ ਜਸਵੀਰ ਸਿੰਘ ਗੜੀ, ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ, ਬਸਪਾ ਆਗੂ ਕੁਲਦੀਪ ਸਿੰਘ ਸਰਦੂਲਗੜ੍ਹ ਤੇ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੇ ਕਿਹਾ ਕਿ ਕਾਂਗਰਸ ਦੇ ਸਾਬਕਾ ਵਿਧਾਇਕ ਵੱਲੋਂ ਆਡੀਓ ਵਿਚ ਸਰਪੰਚ ਨਾਲ ਗੱਲ ਕਰਦਿਆਂ ਦਲਿਤਾਂ ਖ਼ਿਲਾਫ਼ ਕਥਿਤ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਇਹ ਅਤਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਲੋਕਲ ਪੁਲੀਸ ਵੱਲੋਂ ਸਾਬਕਾ ਵਿਧਾਇਕ ਖ਼ਿਲਾਫ਼ ਕਾਨੂੰਨੀ ਕਾਰਵਾਈ ਨਹੀ ਕੀਤੀ ਗਈ। ਦਲਿਤ ਭਾਈਚਾਰੇ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਸਾਬਕਾ ਵਿਧਾਇਕ ਦੇ ਪੁਤਲੇ ਫੂਕੇ ਗਏ ਹਨ। ਅੱਜ ਉਸ ਦੀ ਰਿਹਾਇਸ਼ ਅੱਗੇ ਪੁਤਲਾ ਫੂਕਿਆ ਜਾਵੇਗਾ, ਜਿਵੇਂ ਹੀ ਅਕਾਲੀ ਦਲ-ਬਸਪਾ ਵਰਕਰਾਂ ਵਲੋਂ ਸਰਦੂਲਗੜ੍ਹ ਤੋਂ ਸਾਬਕਾ ਵਿਧਾਇਕ ਦੇ ਘਰ ਵੱਲ ਨੂੰ ਕੂਚ ਕਰ ਦਿੱਤਾ ਗਿਆ ਤਾਂ ਘੱਗਰ ਦੇ ਪੁਲ ਤੇ ਪੁਲੀਸ ਵੱਲੋਂ ਇਨ੍ਹਾਂ ਨੂੰ ਰੋਕ ਲਿਆ। ਜਿਥੇ ਸਮੂਹ ਵਿਅਕਤੀਆਂ ਵੱਲੋਂ ਘੱਗਰ ਦੇ ਪੁਲ ’ਤੇ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ। ਧਰਨਾ ਲਗਾਉਣ ਕਰਕੇ ਘੱਗਰ ਦਾ ਪੁਲ ਜਾਮ ਹੋ ਗਿਆ ਅਤੇ ਮਾਨਸਾ-ਸਿਰਸਾ ਕੌਮੀ ਮਾਰਗ ਪੂਰੀ ਤਰ੍ਹਾਂ ਬੰਦ ਹੋ ਗਿਆ। ਐੱਸਡੀਐੱਮ ਸਰਦੂਲਗੜ੍ਹ ਮਨੀਸ਼ਾ ਰਾਣਾ ਨੂੰ ਧਰਨਾਕਾਰੀਆਂ ਨੇ ਲਿਖਤੀ ਸ਼ਿਕਾਇਤ ਦਿੰਦਿਆਂ ਮੰਗ ਕੀਤੀ ਕਿ ਜੇ 24 ਘੰਟਿਆਂ ਦੇ ਅੰਦਰ-ਅੰਦਰ ਸਾਬਕਾ ਵਿਧਾਇਕ ’ਤੇ ਕਾਰਵਾਈ ਨਾ ਕੀਤੀ ਗਈ ਤਾਂ ਸਾਬਕਾ ਵਿਧਾਇਕ ਅਤੇ ਸਰਕਾਰ ਖ਼ਿਲਾਫ਼ ਸੂਬਾ ਪੱਧਰ ਦੀ ਰੈਲੀ ਰੱਖੀ ਜਾਵੇਗੀ। ਇਸ ਮੌਕੇ ਜਤਿੰਦਰ ਸਿੰਘ ਸੋਢੀ, ਤਰਸੇਮ ਚੰਦ ਭੋਲੀ, ਨਗਿੰਦਰ ਸਿੰਘ ਲੱਖਾ ਕੁਸਲਾ, ਮਾਨਸਾ ਮੇਵਾ ਸਿੰਘ ਬਰਨ, ਅਕਾਲੀ ਦਲ ਦੀ ਮਹਿਲਾ ਆਗੂ ਸ਼ਰਨਜੀਤ ਕੌਰ, ਗੁਰਪ੍ਰੀਤ ਸਿੰਘ ਚਹਿਲ ਹਾਜ਼ਰ ਸਨ।