ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 10 ਸਤੰਬਰ
ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਹਲਕਾ ਰਾਮਪੁਰਾ ਫੂਲ ਦੀ ਮੀਟਿੰਗ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਤਾਰੂਆਣਾ ਸਾਹਿਬ ਮਲੂਕਾ ਵਿੱਚ ਹੋਈ। ਮੀਟਿੰਗ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਮਲੂਕਾ ਦੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਬਣਨ ਦੀ ਖੁਸ਼ੀ ’ਚ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਅਕਾਲੀ ਦਲ ਕਿਸਾਨ ਜਥੇਬੰਦੀਆਂ ਦੀ ਕਦਰ ਕਰਦਾ ਹੈ ਤੇ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਹੀ ਅਕਾਲੀ ਦਲ ਨੇ ਭਾਜਪਾ ਨਾਲੋਂ ਆਪਣਾ ਨਾਤਾ ਤੋੜਿਆ ਹੈ। ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ, ਦਰਸ਼ਨ ਸਿੰਘ ਕੋਟਫੱਤਾ, ਸਰੂਪ ਚੰਦ ਸਿੰਗਲਾ ਤੇ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਜੋਗਿੰਦਰ ਸਿੰਘ ਨੇ ਵਰਕਰਾਂ ਨੂੰ ਅਕਾਲੀ ਦਲ-ਬਸਪਾ ਗਠਜੋੜ ਦੀ ਸਰਕਾਰ ਬਣਾਉਣ ਲਈ ਕਮਰਕੱਸੇ ਕੱਸਣ ਦਾ ਸੱਦਾ ਦਿੱਤਾ। ਜਨਰਲ ਸਕੱਤਰ ਗੁਰਪ੍ਰੀਤ ਮਲੂਕਾ ਨੇ ਮੀਟਿੰਗ ’ਚ ਪਹੁੰਚੇ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਤਨਾਮ ਸਿੰਘ ਭਾਈਰੂਪਾ, ਫੁੰਮਣ ਸਿੰਘ ਭਗਤਾ, ਅਜਾਇਬ ਸਿੰਘ ਹਮੀਰਗੜ੍ਹ, ਡਾ. ਜਸਪਾਲ ਸਿੰਘ ਸਿੱਧੂ, ਮਨਜੀਤ ਧੁੰਨਾ, ਗਗਨਦੀਪ ਗਰੇਵਾਲ ਆਦਿ ਹਾਜ਼ਰ ਸਨ।