ਜੋਗਿੰਦਰ ਸਿੰਘ ਮਾਨ
ਮਾਨਸਾ, 29 ਅਗਸਤ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਅੱਜ ਨਾਕਾਬੰਦੀ ਦੇ ਪੰਜਵੇਂ ਅਤੇ ਆਖ਼ਰੀ ਦਿਨ ਜ਼ਿਲ੍ਹੇ ਦੇ 83 ਪਿੰਡਾਂ ’ਚ ਨਾਕਿਆਂ ’ਤੇ ਵੱਡੇ ਇਕੱਠ ਕੀਤੇ ਗਏ। ਇਸ ਦੌਰਾਨ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਆਰਡੀਨੈਂਸਾਂ ਅਤੇ ਬਿਜਲੀ ਬਿੱਲ ਖ਼ਿਲਾਫ਼ ਧਰਨੇ ਦਿੱਤੇ ਗਏ ਤੇ ਝੰਡਾ ਮਾਰਚ ਕੀਤੇ ਗਏ।
ਅਗਲੇ ਪ੍ਰੋਗਰਾਮ ਦਾ ਐਲਾਨ ਕਰਦੇ ਹੋਏ ਆਗੂਆਂ ਨੇ ਦੱਸਿਆ ਕਿ 7 ਸਤੰਬਰ ਨੂੰ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਧਰਨੇ ਦਿੱਤੇ ਜਾਣਗੇ ਅਤੇ 15 ਤੋਂ 20 ਸਤੰਬਰ ਤੱਕ ਪਿੰਡ ਬਾਦਲ ਤੇ ਪਟਿਆਲਾ ਵਿੱਚ ਮੋਰਚੇ ਲਗਾਏ ਜਾਣਗੇ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਲੋਕਾਂ ਨੇ ਇਸ ਪੰਜ ਰੋਜ਼ਾ ਸੰਘਰਸ਼ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ ਹੈ ਅਤੇ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਜ਼ਬਰਦਸਤ ਰੋਸ ਦਰਜ ਕਰਾਇਆ ਹੈ। ਉਨ੍ਹਾਂ ਕਿਹਾ ਕਿ ਸਾਰੇ ਬਲਾਕ ਕੱਲ੍ਹ ਤੋਂ ਹੀ ਡੀਸੀ ਦਫ਼ਤਰ ਅੱਗੇ ਧਰਨੇ ਦੀ ਤਿਆਰੀ ਸ਼ੁਰੂ ਕਰ ਦੇਣਗੇ।
ਬੱਚਿਆਂ ਨੇ ਵੀ ਕੀਤੀ ਸ਼ਮੂਲੀਅਤ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੱਦੇ ’ਤੇ ਲਾਏ ਨਾਕੇਬੰਦੀ ਧਰਨਿਆਂ ਦੌਰਾਨ ਜਿੱਥੇ ਔਰਤਾਂ ਅਤੇ ਬਜ਼ੁਰਗਾਂ ਦੀ ਗਿਣਤੀ ਵੱਡੇ ਪੱਧਰ ’ਤੇ ਦੇਖਣ ਨੂੰ ਮਿਲੀ, ਉੱਥੇ ਛੋਟੇ-ਛੋਟੇ ਬੱਚਿਆਂ ਨੇ ਵੀ ਵੱਡੀ ਪੱਧਰ ’ਤੇ ਸ਼ਮੂਲੀਅਤ ਕੀਤੀ। ਉਹ ਆਪਣੇ ਪੁਰਖਿਆਂ ਦੀਆਂ ਜ਼ਮੀਨਾਂ ਬਚਾਉਣ ਅਤੇ ਫ਼ਸਲਾਂ ਦੇ ਮੰਡੀਕਰਨ ਮਾਮਲੇ ’ਤੇ ਗੰਭੀਰ ਹੋਏ ਬੈਠੇ ਦਿਖਾਈ ਦਿੰਦੇ ਹਨ। ਸਕੂਲਾਂ ਵਿੱਚ ਕਰੋਨਾ ਮਹਾਮਾਰੀ ਕਾਰਨ ਛੁੱਟੀਆਂ ਹੋਣ ਕਰ ਕੇ ਬੱਚੇ ਨਾਕੇਬੰਦੀਆਂ ਦੌਰਾਨ ਹੱਥਾਂ ਵਿੱਚ ਜਥੇਬੰਦੀ ਦੇ ਝੰਡੇ ਲੈ ਕੇ ਸ਼ਾਮਲ ਹੋਏ।
ਬਰਨਾਲਾ (ਰਵਿੰਦਰ ਰਵੀ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਵੱਖ-ਵੱਖ ਪਿੰਡਾਂ ‘ਚ ਧਰਨੇ ਲਾ ਕੇ ਕੇਂਦਰ ਸਰਕਾਰ ਵਿਰੁੱਧ ਖੇਤੀ ਵਿਰੋਧੀ ਤਿੰਨ ਆਰਡੀਨੈਂਸਾ ਨੂੰ ਰੱਦ ਕਰਵਾਉਣ ਲਈ ਨਾਅਰੇਬਾਜ਼ੀ ਕੀਤੀ ਗਈ। ਬਲਾਕ ਪ੍ਰਧਾਨ ਬਲੋਰ ਸਿੰਘ ਛੰਨਾਂ, ਕੇਵਲ ਸਿੰਘ ਧਨੌਲਾ, ਇਕਾਈ ਪ੍ਰਧਾਨ ਰਣਦੀਪ ਸਿੰਘ ਭੂਰੇ, ਇਕਾਈ ਪ੍ਰਧਾਨ ਹਰਬੰਸ ਸਿੰਘ ਅਤਰਸਿੰਘ ਵਾਲਾ, ਜਵਾਲਾ ਸਿੰਘ ਬਡਬਰ ਆਦਿ ਨੇ ਦੱਸਿਆ ਕਿ ਆਰਡੀਨੈਂਸ ਰੱਦ ਕਰਵਾਉਣ ਲਈ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ 7 ਸਤੰਬਰ ਨੂੰ ਡੀਸੀ ਦਫ਼ਤਰ ਬਰਨਾਲਾ ਤੇ 15 ਸਤੰਬਰ ਨੂੰ ਪਟਿਆਲਾ ਵਿਚ ਧਰਨੇ ਲਾ ਕੇ ਸੰਘਰਸ਼ ਹੋਰ ਤੇਜ਼ ਕੀਤੇ ਜਾਣਗੇ।
ਇਨਕਲਾਬੀ ਨਾਟਕ ‘ਛਿਪਣ ਤੋਂ ਪਹਿਲਾਂ’ ਅਤੇ ‘ਸਿੱਧਾ ਰਾਹ ਸਿਵਿਆਂ ਨੂੰ ਜਾਵੇ’ ਖੇਡੇ
ਭੁੱਚੋ ਮੰਡੀ (ਪਵਨ ਗੋਇਲ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਕਿਸਾਨਾਂ ਨੇ ਖੇਤੀ ਆਰਡੀਨੈਂਸਾਂ ਖ਼ਿਲਾਫ ਵਿੱਢੇ ਪੰਜ ਰੋਜਾ ਸੰਘਰਸ਼ ਦੇ ਆਖਰੀ ਦਿਨ ਪਿੰਡ ਚੱਕ ਫ਼ਤਿਹ ਸਿੰਘ ਵਾਲਾ, ਚੱਕ ਰਾਮ ਸਿੰਘ ਵਾਲਾ, ਤੁੰਗਵਾਲੀ, ਭੁੱਚੋ ਖੁਰਦ ਅਤੇ ਲਹਿਰਾ ਖਾਨਾ ਵਿੱਚ ਵੱਡੇ ਇਕੱਠ ਕੀਤੇ ਅਤੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਗਰਜ਼ੇ। ਔਰਤਾਂ ਦੀ ਭਰਵੀਂ ਗਿਣਤੀ ਨੇ ਸੰਘਰਸ਼ ਨੂੰ ਸਿਖ਼ਰ ’ਤੇ ਪਹੁੰਚਾਇਆ। ਪੀਪਲਜ਼ ਆਰਟ ਪਟਿਆਲਾ ਦੀ ਰੰਗਕਰਮੀ ਟੀਮ ਨੇ ਸੱਤਪਾਲ ਬੱਗਾ ਦੇ ਨਿਰਦੇਸ਼ਨ ਹੇਠ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਅਤੇ ਚੱਕ ਰਾਮ ਸਿੰਘ ਵਾਲਾ ਵਿੱਚ ਭਗਤ ਸਿੰਘ ਦਾ ਇਨਕਲਾਬੀ ਨਾਟਕ ‘ਛਿਪਣ ਤੋਂ ਪਹਿਲਾਂ’ ਅਤੇ ਨਸ਼ਿਆਂ ਵਿਰੁੱਧ ਨਾਟਕ ‘ਸਿੱਧਾ ਰਾਹ ਸਿਵਿਆਂ ਨੂੰ ਜਾਵੇ’ ਪੇਸ਼ ਕੀਤੇ। ਇਸ ਮੌਕੇ ਬਲਾਕ ਪ੍ਰਧਾਨ ਹੁਸ਼ਿਆਰ ਸਿੰਘ, ਸੀਨੀਅਰ ਮੀਤ ਪ੍ਰਧਾਨ ਸੰਤੋਖ ਸਿੰਘ, ਖਜ਼ਾਨਚੀ ਗੁਰਜੰਟ ਸਿੰਘ, ਸਿਮਰਜੀਤ ਸਿੰਘ, ਪੱਪੀ ਸਿੰਘ, ਹਰਨੇਕ ਸਿੰਘ, ਭੋਲੂ ਸਿੰਘ, ਸਰਬਜੀਤ ਸਿੰਘ ਅਤੇ ਕੰਤੀ ਸਿੰਘ ਨੇ ਸਰਕਾਰਾਂ ਦੀਆਂ ਕਿਸਾਨ ਅਤੇ ਮਜ਼ਦੂਰ ਮਾਰੂ ਨੀਤੀਆਂ ਦੀ ਪੋਲ ਖੋਲ੍ਹੀ।
ਬਾਦਲਾਂ ਨੇ ਪੰਜਾਬ ਨਾਲ ਗੱਦਾਰੀ ਕੀਤੀ: ਲਬਿਰੇਸ਼ਨ
ਮਾਨਸਾ: ਸੀਪੀਆਈ (ਐਮ ਐਲ) ਲਬਿਰੇਸ਼ਨ ਨੇ ਖੇਤੀ ਆਰਡੀਨੈਂਸ ਅਤੇ ਬਿਜਲੀ ਬਿੱਲ 2020 ਨੂੰ ਰੱਦ ਕਰਨ ਲਈ ਬੁਲਾਏ ਗਏ ਪੰਜਾਬ ਵਿਧਾਨ ਸਭਾ ਦੇ ਇਕ ਰੋਜ਼ਾ ਸੈਸ਼ਨ ਵਿਚੋਂ ਬਾਦਲ ਦਲ ਦੇ ਸਮੁੱਚੇ ਵਿਧਾਇਕ ਦਲ ਵਲੋਂ ਗ਼ੈਰਹਾਜ਼ਰ ਰਹਿਣ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਸ ਨਾਲ ਬਾਦਲ ਦਲ ਨੇ ਪੰਜਾਬ ਨਾਲ ਗਦਾਰੀ ਕੀਤੀ ਹੈ। ਸੀਪੀਆਈ (ਐਮ ਐਲ) ਲਬਿਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਅਤੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਕਿਸਾਨ ਇਸ ਦਾ ਜਵਾਬ ਬਾਦਲ ਦਲ ਨੂੰ ਦੇਣਗੇ।