ਖੇਤਰੀ ਪ੍ਰਤੀਨਿਧ
ਬਰਨਾਲਾ, 16 ਨਵੰਬਰ
ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ’ਤੇ ਲੱਗਾ ਧਰਨਾ ਅੱਜ 412ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਅੱਜ ਦੇ ਦਿਨ ਸੰਨ 1915 ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਸ ਦੇ ਛੇ ਸਾਥੀਆਂ ਨੂੰ ਪਹਿਲੇ ਲਾਹੌਰ ਸਾਜਿਸ਼ ਕੇਸ ਵਿੱਚ ਬਰਤਾਨਵੀ ਸਰਕਾਰ ਨੇ ਫਾਂਸੀ ਦੇ ਤਖਤੇ ’ਤੇ ਲਟਕਾ ਦਿੱਤਾ ਸੀ। ਇਨ੍ਹਾਂ ਦੀ ਮਿਸਾਲੀ ਸ਼ਹਾਦਤ ਨੂੰ ਧਰਨਾਕਾਰੀਆਂ ਸਿਜਦਾ ਕੀਤਾ ਤੇ ਭਾਵਭਿੰਨਿਆਂ ਸ਼ਰਧਾਂਜਲੀਆਂ ਭੇਟ ਕੀਤੀਆਂ। ਬੁਲਾਰਿਆਂ ਦੱਸਿਆ ਕਿ ਗਦਰ ਪਾਰਟੀ ਦੇ ਬਾਨੀ ਸੋਹਨ ਸਿੰਘ ਭਕਨਾ ਤੋਂ ‘ਬਾਲਾ ਜਰਨੈਲ’ ਦਾ ਖਿਤਾਬ ਹਾਸਲ ਕਰਨ ਵਾਲੇ ਕਰਤਾਰ ਸਿੰਘ ਸਰਾਭਾ ਨੇ ਆਪਣੀ ਛੋਟੀ ਜਿਹੀ ਉਮਰ ਵਿੱਚ ਅਜ਼ੀਮ ਇਨਕਲਾਬੀ ਕਾਰਨਾਮੇ ਅੰਜ਼ਾਮ ਦਿੱਤੇ। ਬੁਲਾਰਿਆਂ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾਉਣੇ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਧਰਨੇ ’ਚ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਬਿੱਕਰ ਸਿੰਘ ਔਲਖ, ਬਲਜੀਤ ਸਿੰਘ ਚੌਹਾਨਕੇ, ਰਣਧੀਰ ਸਿੰਘ ਰਾਜਗੜ੍ਹ, ਗੁਰਮੇਲ ਸ਼ਰਮਾ, ਬਾਬੂ ਸਿੰਘ ਖੁੱਡੀ ਕਲਾਂ, ਪ੍ਰੇਮਪਾਲ ਕੌਰ, ਨਛੱਤਰ ਸਿੰਘ ਸਾਹੌਰ, ਕਾਕਾ ਸਿੰਘ ਫਰਵਾਹੀ, ਗੁਰਨਾਮ ਸਿੰਘ ਠੀਕਰੀਵਾਲਾ ਨੇ ਸੰਬੋਧਨ ਕੀਤਾ।
ਸਰਾਭਾ ਵਿੱਚ ਸੂਬਾਈ ਸਮਾਗਮ ਅੱਜ
ਬਰਨਾਲਾ: ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 106ਵਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਅਗਵਾਈ ’ਚ 17 ਨਵੰਬਰ ਨੂੰ ਡਕੌਂਦਾ ਧੜੇ ਵੱਲੋਂ ਸ਼ਹੀਦ ਸਰਾਭਾ ਦੇ ਪਿੰਡ ਸਰਾਭਾ (ਲੁਧਿਆਣਾ) ਵਿੱਚ ਸੂਬਾ ਪੱਧਰੀ ਸਮਾਗਮ ਹੋਵੇਗਾ। ਇਹ ਐਲਾਨ ਕਰਦਿਆਂ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਉਲੀਕੇ ਇਸ ਪ੍ਰੋਗਰਾਮ ਤਹਿਤ 17 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹਾਦਤ ਦਿਵਸ ’ਤੇ ਵੱਖ-ਵੱਖ ਪਿੰਡਾਂ ’ਚ ਮੋਟਰ ਸਾਈਕਲ ਮਾਰਚ ਕਰਦਿਆਂ ਕਿਸਾਨਾਂ-ਮਜ਼ਦੂਰਾਂ ਦੇ ਕਾਫਲੇ ਠੀਕ ਇੱਕ ਵਜੇ ਪਿੰਡ ਸਰਾਭਾ (ਲੁਧਿਆਣਾ) ਵਿਖੇ ਪੁੱਜਕੇ ਗਦਰੀਆਂ ਨੂੰ ਸ਼ਰਧਾਂਜਲੀ ਭੇਟ ਕਰਨਗੇ।