ਜੋਗਿੰਦਰ ਸਿੰਘ ਮਾਨ
ਮਾਨਸਾ, 16 ਨਵੰਬਰ
ਤੀਹ ਕਿਸਾਨ ਜਥੇਬੰਦੀਆਂ ਦਾ ਧਰਨਾ ਅੱਜ 47ਵੇਂ ਦਿਨ ਵਿੱਚ ਧਰਨੇ ਵਿਚ ਕਿਸਾਨਾਂ ਔਰਤਾਂ ਅਤੇ ਬੱਚਿਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਕਿਸਾਨ ਜਥੇਬੰਦੀਆਂ ਵੱਲੋਂ ਅੱਜ ਸਾਰਾ ਸਮਾਗਮ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ ਕੀਤਾ ਗਿਆ ਅਤੇ ਸਾਰੇ ਕਿਸਾਨ ਵਰਕਰਾਂ ਆਗੂਆਂ ਨੇ ਇਕ ਮਿੰਟ ਦਾ ਮੌਨ ਧਾਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।
ਮਾਨਸਾ ਦੇ ਪਲੇਟਫਾਰਮ ਨੇੜੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਜਿਹੜੇ ਕਿਸਾਨ ਵਿਰੋਧੀ ਕਾਨੂੰਨ ਜਾਰੀ ਕੀਤੇ ਹਨ, ਉਨ੍ਹਾਂ ਨੂੰ ਵਾਪਸ ਕਰਵਾਉਣ ਲਈ ਦਿੱਲੀ ’ਚ ਆਉਣ ਵਾਲੀ 26-27 ਨਵੰਬਰ ਨੂੰ ‘ਦਿੱਲੀ ਚੱਲੋ’ ਦੇ ਸੱਦੇ ’ਤੇ ਪਿੰਡਾਂ ਵਿੱਚ ਰੈਲੀਆਂ ਨੁੱਕੜ ਮੀਟਿੰਗਾਂ ਕਰਕੇ ਦਿੱਲੀ ਜਾਣ ਲਈ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੋਦੀ ਦੇ ਕਾਲੇ ਮਨਸੂਬਿਆਂ ਨੂੰ ਵੱਡੇ ਘਰਾਣਿਆਂ ਦੀ ਝੋਲੀਆਂ ਵਿੱਚ ਪੰਜਾਬ ਦੀਆਂ ਜ਼ਮੀਨਾਂ ਪਾਉਣ ਦੇ ਸੁਫਨੇ ਨੂੰ ਪੂਰੇ ਨਹੀਂ ਹੋਣ ਦਿੱਤੇ ਜਾਣਗੇ। ਇਸ ਮੌਕੇ ਮਲੂਕ ਸਿੰਘ ਹੀਰਕੇ, ਹਰਦੇਵ ਸਿੰਘ ਕੋਟਧਰਮੂ, ਰਾਜ ਸਿੰਘ ਅਕਲੀਆ, ਮਹਿੰਦਰ ਸਿੰਘ ਭੈਣੀਬਾਘਾ, ਮਾਸਟਰ ਸੁਖਦੇਵ ਸਿੰਘ ਅਤਲਾ, ਮਾਸਟਰ ਛੱਜੂ ਰਾਮ ਰਿਸ਼ੀ, ਨਿਰਮਲ ਸਿੰਘ ਝੰਡੂਕੇ, ਭਜਨ ਸਿੰਘ ਘੁੰਮਣ, ਕ੍ਰਿਸ਼ਨ ਚੌਹਾਨ, ਉੱਗਰ ਸਿੰਘ ਮਾਨਸਾ ਤੇ ਜਗਦੇਵ ਭੋਪਾਲ ਨੇ ਵੀ ਸੰਬੋਧਨ ਕੀਤਾ।
ਬਰਨਾਲਾ (ਪਰਸ਼ੋਤਮ ਬੱਲੀ): ਤਿੰਨ ਖੇਤੀ ਵਿਰੋਧੀ ਕੇਂਦਰੀ ਕਾਨੂੰਨਾਂ ਅਤੇ ਪ੍ਰਸਤਾਵਿਤ ਬਿਜਲੀ ਸੋਧ ਬਿੱਲ-2020 ਖ਼ਿਲਾਫ 30 ਕਿਸਾਨ ਜਥੇਬੰਦੀਆਂ ਦੇ ਸਾਂਝੇ ਸੱਦੇ ‘ਤੇ ਬਰਨਾਲਾ ਰੇਲਵੇ ਸਟੇਸ਼ਨ ‘ਤੇ ਡਟੇ ਕਿਸਾਨਾਂ ਵੱਲੋਂ ਸੰਘਰਸ਼ ਦੇ 47ਵੇਂ ਦਿਨ ਗਦਰੀ ਲਹਿਰ ਦੇ ਬਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਅੱਜ ਦੀ ਸਮੁੱਚੀ ਸਟੇਜ ਕਿਸਾਨ ਨੌਜਵਾਨਾਂ ਨੇ ਸੰਭਾਲੀ।
ਕਿਸਾਨ ਆਗੂ ਹਰਮੰਡਲ ਸਿੰਘ ਜੋਧਪੁਰ ਨੇ ਗਦਰ ਦਾ ਇਤਿਹਾਸ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਬਾਰੇ ਚਾਨਣਾ ਪਾਇਆ। ਕਿਸਾਨ ਆਗੂਆਂ ਵਰਿੰਦਰ ਆਜਾਦ, ਗੁਰਜੋਤ ਸਿੰਘ, ਜਗਰੂਪ ਸਿੰਘ, ਮਨਪ੍ਰੀਤ ਸਿੰਘ ਚੀਮਾ, ਗਗਨਦੀਪ ਕੌਰ, ਸਵਨਪਪ੍ਰੀਤ ਕੌਰ ਤੇ ਕਾਲਾ ਜੈਦ ਆਦਿ ਕਿਸਾਨ ਆਗੂਆਂ ਨੇ ਕਿਹਾ ਕਿ ਸਰਾਭੇ ਵਰਗੇ ਗਦਰ ਲਹਿਰ ਦੇ ਸ਼ਹੀਦ ਜਿਸ ਆਜ਼ਾਦੀ ਲਈ ਜੂਝੇ ਸਨ, ਉਹ ਅਜੇ ਨਹੀਂ ਆਈ। ਉਨ੍ਹਾਂ ਦੀ ਸ਼ਹਾਦਤ ਅਸਲ ਆਜ਼ਾਦੀ ਹਾਸਲ ਹੋਣ ਤੱਕ ਪ੍ਰੇਰਨਾ ਦਾ ਸ੍ਰੋਤ ਬਣੀ ਰਹੇਗੀ।
ਬੁਲਾਰਿਆਂ ਕਿਹਾ ਕਿ 26-27 ਨਵੰਬਰ ਦੇ ਇਤਿਹਾਸਕ ਦਿੱਲੀ ਕਿਸਾਨ ਮਾਰਚ ਵਿੱਚ ਨੌਜਵਾਨਾਂ ਕਿਸਾਨ ਔਰਤਾਂ ਦੇ ਕਾਫਲੇ ਸ਼ਾਮਿਲ ਹੋਕੇ ਨਵਾਂ ਇਤਿਹਾਸ ਸਿਰਜਣਗੇ। ਹੋਰਨਾ ਬੁਲਾਰਿਆਂ ‘ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਬੀਕੇਯੂ ਕਾਦੀਆਂ ਸ਼ਿੰਗਾਰਾ ਸਿੰਘ , ਜੱਗਾ ਸਿੰਘ ਬਦਰਾ, ਉਜਾਗਰ ਸਿੰਘ ਬੀਹਲਾ, ਨਛੱਤਰ ਸਿੰਘ ਸਹੌਰ, ਅਮਰਜੀਤ ਕੌਰ, ਬਾਬੂ ਸਿੰਘ ਖੁੱਡੀਕਲਾਂ, ਨਿਰਭੈ ਸਿੰਘ, ਕੁਲਵਿੰਦਰ ਸਿੰਘ ਉੱਪਲੀ ਆਦਿ ਸ਼ਾਮਿਲ ਸਨ।