ਪਰਸ਼ੋਤਮ ਬੱਲੀ
ਬਰਨਾਲਾ, 2 ਜਨਵਰੀ
ਤਿੰਨ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਸ਼ੁਰੂ ਹੋਏ ਸਾਂਝੇ ਕਿਸਾਨ ਸੰਘਰਸ਼ ਨੂੰ ਤਿੰਨ ਮਹੀਨੇ ਪੂਰੇ ਹੋ ਗਏ ਹਨ| 1 ਅਕਤੂਬਰ ਨੂੰ ਰੇਲ ਪਟੜੀਆਂ ਉੱਪਰ ਪੱਕਾ ਮੋਰਚਾ ਲਾਉਣ ਤੋਂ ਸ਼ੁਰੂ ਹੋਇਆ ਸੰਘਰਸ਼ ਪਲੇਟਫਾਰਮ ਰਾਹੀਂ ਹੁੰਦਾ ਹੋਇਆ ਵਰ੍ਹਦੇ ਮੀਂਹ ਦੌਰਾਨ ਵੀ ਰੇਲਵੇ ਪਾਰਕਿੰਗ ਵਿੱਚ ਜਾਰੀ ਰਿਹਾ। ਇਕੱਠ ਨੂੰ ਬਲਵੰਤ ਸਿੰਘ ਉੱੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਗੁਰਮੇਲ ਰਾਮ ਸ਼ਰਮਾ, ਕਰਨੈਲ ਸਿੰਘ ਗਾਂਧੀ, ਨਛੱਤਰ ਸਿੰਘ ਸਹੌਰ, ਬਾਰਾ ਸਿੰਘ ਬਦਰਾ, ਅਮਰਜੀਤ ਕੌਰ, ਸਾਧੂ ਸਿੰਘ ਆਦਿ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੱਤਵੇਂ ਗੇੜ ਦੀ ਗੱਲਬਾਤ ਵਿੱਚ ਬਿਜਲੀ ਸੋਧ ਬਿੱਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਰੱਦ ਕਰਨਾ ਸਾਂਝੇ ਕਿਸਾਨ ਸੰਘਰਸ਼ ਦੀ ਅਹਿਮ ਪ੍ਰਾਪਤੀ ਹੈ| ਅਗਲੇ ਗੇੜ ਦੀ ਗੱਲਬਾਤ ਭਾਵੇਂ ਚਾਰ ਜਨਵਰੀ ਨੂੰ ਹੋਵੇਗੀ ਪਰ ਕੇਂਦਰੀ ਮੰਤਰੀਆਂ ਵੱਲੋਂ ਮੰਨੇ ਹੋਏ ਦੋਵੇਂ ਆਰਡੀਨੈਂਸ ਹਾਲੇ ਤੱਕ ਵੀ ਰੱਦ ਨਾ ਕਰਨਾ ਇਸ ਗੱਲ ਦਾ ਸਬੂਤ ਹੈ ਕਿ ਮੋਦੀ ਹਕੂਮਤ ਕਿਸਾਨ ਸੰਘਰਸ਼ ਪ੍ਰਤੀ ਸੰਜੀਦਾ ਨਹੀਂ ਹੈ| ਅੱਜ 12 ਮੈਂਬਰੀ ਜਥਾ ਭੁੱਖ ਹੜਤਾਲ ਉੱਪਰ ਬੈਠਿਆ। ਇਸੇ ਦੌਰਾਨ ਸੂਬਾ ਕਮੇਟੀ ਦੇ ਫੈਸਲੇ ਅਨੁੁਸਾਰ ਅੱਜ ਪਿੰਡ ਭੂਰੇ ਵਿੱਚ ਸਾਥੀ ਲਾਲ ਸਿੰਘ ਧਨੌਲਾ ਦੀ ਅਗਵਾਈ ਅਤੇ ਦਰਸ਼ਨ ਸਿੰਘ ਭੂਰੇ ਦੀ ਪ੍ਰਧਾਨਗੀ ਵਿਚ ਮੋਦੀ ਸਰਕਾਰ ਦਾ ਪੁੁਤਲਾ ਫੂਕਿਆ ਗਿਆ| ਸਾਥੀ ਲਾਲ ਸਿੰਘ ਧਨੌਲਾ ਜਨਰਲ ਸਕੱਤਰ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਨੇ ਇਸ ਮੌਕੇ ਸੰਬੋਧਨ ਕੀਤਾ ਤੇ ਖੇਤੀ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ।
ਮਾਨਸਾ (ਜੋਗਿੰਦਰ ਸਿੰਘ ਮਾਨ): 31 ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਪਾਰਕਾਂ ਵਿਚ ਲਗਾਤਾਰ ਧਰਨੇ ਦਿੱਤੇ ਜਾ ਰਹੇ ਹਨ, ਜਿਸ ਤਹਿਤ ਅੱਜ 93ਵੇਂ ਦਿਨ ਧਰਨਾ ਲਾਇਆ ਗਿਆ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਬਲਵਿੰਦਰ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਕਾਨੂੰਨਾਂ ਦੀ ਮਾਰ ਕਿਸਾਨਾਂ ਦੇ ਨਾਲ ਨਾਲ ਖੇਤ ਮਜ਼ਦੂਰਾਂ, ਦੁਕਾਨਦਾਰਾਂ, ਛੋਟੇ ਕਾਰੋਬਾਰੀਆਂ, ਆੜ੍ਹਤੀਆਂ ਤੇ ਆੜ੍ਹਤ ਦੀਆਂ ਦੁਕਾਨਾਂ ’ਤੇ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਜਨਤਕ ਅਦਾਰਿਆਂ ’ਤੇ ਵੀ ਪਏਗੀ। ਇਸ ਕਾਰਨ ਲੱਖਾਂ ਦੀ ਗਿਣਤੀ ਵਿਚ ਲੋਕ ਵਹੀਰਾਂ ਘੱਤ ਕੇ ਦਿੱਲੀ ਜਾ ਰਹੇ ਹਨ। ਕਿਸਾਨ ਭਰਾਵਾਂ ਨੇ ਨਵਾਂ ਸਾਲ ਦਿੱਲੀ ਦੀਆਂ ਸਰਹੱਦਾਂ ’ਤੇ ਮਨਾਇਆ। ਉਨ੍ਹਾਂ ਕਿਹਾ ਕਿ ਜੇ ਚਾਰ ਜਨਵਰੀ ਨੂੰ ਹੋਣ ਵਾਲੀ ਗੱਲਬਾਤ ਬੇਸਿੱਟਾ ਰਹਿੰਦੀ ਹੈ ਤਾਂ 6 ਜਨਵਰੀ ਨੂੰ ਟਰੈਕਟਰ ਮਾਰਚ ਕੀਤਾ ਜਾਵੇਗਾ। ਇਕੱਠ ਨੂੰ ਹੋਰਨਾਂ ਤੋਂ ਇਲਾਵਾ ਇਕਬਾਲ ਸਿੰਘ ਮਾਨਸਾ, ਬੋਹੜ ਮਾਨਸਾ, ਤੇਜ ਚਕੇਰੀਆਂ ਅਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਤੇ ਸੁਖਚਰਨ ਸਿੰਘ ਦਾਨੇਵਾਲੀਆ ਨੇ ਸੰਬੋਧਨ ਕੀਤਾ। ਇਸ ਦੌਰਾਨ ਦੋਧੀ ਡੇਅਰੀ ਯੂਨੀਅਨ ਨੇ ਦਿੱਲੀ ਅੰਦੋਲਨ ਲਈ ਇਥੋਂ ਦੁੱਧ ਭੇਜਣ ਦਾ ਐਲਾਨ ਕੀਤਾ।
ਬੁਢਲਾਡਾ (ਐਨਪੀ ਸਿੰਘ): ਦੇਸ਼ ਦੀਆਂ ਸਮੁੱਚੀਆਂ ਕਿਸਾਨ ਜੱਥੇਬੰਦੀਆਂ ਵੱਲੋਂ ਅਰੰਭੇ ਸੰਘਰਸ਼ ਤਹਿਤ ਬੁਢਲਾਡਾ ਦੇ ਰਿਲਾਇੰਸ ਪੈਟਰੋਲ ਪੰਪ ਉਤੇ ਜਾਰੀ ਕਿਸਾਨਾਂ ਦਾ ਧਰਨਾ ਕੜਾਕੇ ਦੀ ਠੰਢ ਵਿੱਚ ਵੀ ਮੱਠਾ ਨਹੀਂ ਨਹੀਂ ਪੈ ਰਿਹਾ। ਖੇਤੀ ਕਾਨੂੰਨਾਂ ਦੇ ਸਤਾਏ ਕਿਸਾਨਾਂ ਵੱਲੋਂ ਇਥੇ ਦਿਨ-ਰਾਤ ਧਰਨਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਬੀ.ਕੇ.ਯੂ ਡਕੌਂਦਾ ਦੇ ਆਗੂ ਨੰਬਰਦਾਰ ਜਰਨੈਲ ਸਿੰਘ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਆਗੂ ਸਵਰਨਜੀਤ ਸਿੰਘ ਦਲਿਓ, ਬਲਦੇਵ ਸਿੰਘ ਗੁਰਨੇ, ਪੰਜਾਬ ਕਿਸਾਨ ਯੂਨੀਅਨ ਦੇ ਸਵਰਨ ਸਿੰਘ ਬੋੜਾਵਾਲ, ਸਰੂਪ ਸਿੰਘ ਔਲਖ ਨੇ ਕਿਹਾ ਕਿ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਬਲਿਕ ਸੈਕਟਰ ਦਾ ਧੜਾ-ਧੜ ਨਿੱਜੀਕਰਨ ਕਰ ਰਹੀ ਮੋਦੀ ਸਰਕਾਰ ਦੇਸ਼ ਦੀ ਸੰਪਤੀ ਨੂੰ ਕੌਡੀਆਂ ਦੇ ਭਾਅ ਵੇਚਣ ਦੇ ਰਾਹ ਤੁਰੀ ਹੋਈ ਹੈ। ਕਿਸਾਨ ਜੱਥੇਬੰਦੀਆਂ ਸਰਕਾਰ ਦੇ ਇਸ ਮਨਸੂਬੇ ਨੂੰ ਸਿਰੇ ਨਹੀਂ ਚੜਨ ਦੇਣਗੀਆਂ। ਹੋਰਨਾਂ ਤੋਂ ਇਲਾਵਾ ਕਿਸਾਨ ਆਗੂ ਕੌਰ ਸਿੰਘ ਮੰਡੇਰ, ਬਹਾਦਰ ਸਿੰਘ, ਹਰਚੇਤ ਸਿੰਘ ਮੱਲ ਸਿੰਘ ਵਾਲਾ ਆਦਿ ਨੇ ਵੀ ਇਸ ਮੌਕੇ ਸੰਬੋਧਨ ਕੀਤਾ।
ਨਵਾਂ ਮਾਛੀਕੇ ਵਿੱਚ ਅਰਥੀ ਫ਼ੂਕ ਮੁਜ਼ਾਹਰਾ
ਨਿਹਾਲ ਸਿੰਘ ਵਾਲਾ (ਰਾਜਵਿੰਦਰ ਸਿੰਘ ਰੌਂਤਾ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਹੇਠ ਪਿੰਡ ਨਵਾਂ ਮਾਛੀਕੇ ਵਿੱਚ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ, ਜਿਸ ਵਿੱਚ ਔਰਤਾਂ ਤੇ ਬੱਿਚਆਂ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਘੋਲ ਸਹਾਇਤਾ ਕਮੇਟੀ ਦੇ ਆਗੂਆਂ ਅਮਨਦੀਪ ਮਾਛੀਕੇ, ਗੁਰਮਖ ਹਿੰਮਤਪੁਰਾ ਨੇ ਕਿਹਾ ਕਿ ਕਿਸਾਨੀ ਘੋਲ ਵਿੱਚ ਨਵਾਂ ਮਾਛੀਕੇ ਦੇ ਪਿੰਡ ਅਤੇ ਵਿਦੇਸ਼ ਵਸਦੇ ਵੀਰਾਂ ਦਾ ਯੋਗਦਾਨ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਿਸਰਫ ਕਿਸਾਨਾਂ ਦਾ ਨਹੀਂ ਸਭਨਾਂ ਦਾ ਹੈ।
ਮਜ਼ਦੂਰ ਤੇਜਾ ਸਿੰਘ ਦੇ ਹੱਕ ਵਿੱਚ ਗੂੰਜੇ ਨਾਅਰੇ
ਭੁੱਚੋ ਮੰਡੀ(ਪਵਨ ਗੋਇਲ): ਹੱਡ ਚੀਰਵੀਂ ਠੰਡ ਦੇ ਬਾਵਜੂਦ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਖੇਤੀ ਕਨੂੰਨਾਂ ਖ਼ਿਲਾਫ਼ ਚੱਲ ਰਹੇ ਲਹਿਰਾ ਬੇਗਾ ਟੌਲ ਪਲਾਜ਼ਾ ਅਤੇ ਬੈਸਟ ਪ੍ਰਾਈਸ ਮਾਲ ਮੋਰਚਿਆਂ ਵਿੱਚ ਬਜ਼ੁਰਗ ਔਰਤਾਂ ਅਤੇ ਬੱਚੇ ਡਟੇ ਰਹੇ। ਕਿਸਾਨ ਆਗੂਆਂ ਨੇ ਬੈਸਟ ਪ੍ਰਾਈਸ ਮੋਰਚੇ ਵਿੱਚ ਡੇਢ ਕੁ ਮਹੀਨਾ ਪਹਿਲਾਂ ਫੌਤ ਹੋਏ ਮਜ਼ਦੂਰ ਤੇਜਾ ਸਿੰਘ ਨੂੰ ਸ਼ਹੀਦ ਕਰਾਰ ਦਿੱਤਾ ਅਤੇ ਪੰਜਾਬ ਸਰਕਾਰ ਤੋਂ ਕਰਜ਼ਾ ਮੁਆਫ ਕਰਕੇ ਮੁਆਵਜ਼ਾ ਅਤੇ ਇੱਕ ਜੀਅ ਨੂੰ ਨੌਕਰੀ ਦੇਣ ਦੀ ਮੰਗ ਕੀਤੀ। ਇਸ ਮੌਕੇ ਆਗੂ ਮੋਠੂ ਸਿੰਘ ਕੋਟੜਾ, ਦਰਸ਼ਨ ਮਾਈਸਰਖਾਨਾ, ਸਿਮਰਜੀਤ ਸਿੰਘ, ਇਕਬਾਲ ਸਿੰਘ ਅਤੇ ਬਲਤੇਜ ਸਿੰਘ ਨੇ ਕਿਹਾ ਕਿ ਇਨ੍ਹਾਂ ਮੋਰਚਿਆਂ ਦੇ ਕਿਸਾਨ ਅੱਜ ਬਠਿੰਡਾ ਵਿੱਚ ਭਾਜਪਾ ਆਗੂ ਦੇ ਘਿਰਾਓ ਲਈ ਪੁੱਜੇ ਸਨ।