ਮਨੋਜ ਸ਼ਰਮਾ
ਬਠਿੰਡਾ, 7 ਫਰਵਰੀ
ਇੱਥੋਂ ਦੇ ਆਰੀਆ ਸਮਾਜ ਚੌਕ ਨੇੜੇ ਸ਼ਹੀਦ ਭਗਤ ਸਿੰਘ ਦੇ ਬੁੱਤ ਕੋਲ ਅੱਜ ਲੋਕ ਮੋਰਚਾ ਪੰਜਾਬ ਦੀ ਅਗਵਾਈ ਹੇਠ ਬੱਚਿਆਂ ਨੇ ਕਿਸਾਨ ਸੰਘਰਸ਼ ਦੀ ਹਮਾਇਤ ਕੀਤੀ।
ਇਸ ਮੌਕੇ ਇਨਕਲਾਬੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਸਦਭਾਵਨਾ ਚੌਕ ਤੱਕ ਰੋਸ ਮਾਰਚ ਵੀ ਕੱਢਿਆ। ਸਮਾਗਮ ਵਿੱਚ ਸ਼ਹਿਰ ਅਤੇ ਪਿੰਡਾਂ ਦੇ ਵੱਡੀ ਗਿਣਤੀ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਸ਼ਮੂਲੀਅਤ ਕੀਤੀ। ਸਭਿਆਚਾਰਕ ਪ੍ਰੋਗਰਾਮ ਦੌਰਾਨ ਬੱਚਿਆਂ ਵੱਲੋਂ ਕਿਸਾਨ ਸੰਘਰਸ਼ ਨਾਲ ਸਬੰਧਤ ਕਵਿਤਾਵਾਂ, ਗੀਤ ਅਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ।
ਇਸ ਦੌਰਾਨ ਜ਼ਿਲ੍ਹਾ ਜਥੇਬੰਦਕ ਸਕੱਤਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਪਹਿਲਾਂ ਹੀ ਵੱਡੀ ਗਿਣਤੀ ’ਚ ਨੌਜਵਾਨ ਦੇਸ਼ ਦੀਆਂ ਨਿੱਘਰ ਰਹੀਆਂ ਆਰਥਿਕ ਤੇ ਸਮਾਜਿਕ ਹਾਲਤਾਂ ਕਰਕੇ ਵਿਦੇਸ਼ਾਂ ਨੂੰ ਜਾ ਰਹੇ ਹਨ। ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਹੋਰ ਵੱਧ ਹਨੇਰੇ ਮੂੰਹ ਧੱਕਿਆ ਜਾਵੇਗਾ। ਮਾਸਟਰ ਜਗਮੇਲ ਸਿੰਘ ਨੇ ਕਿਹਾ ਕਿ ਮੋਦੀ ਹਕੂਮਤ ਲੋਕਾਂ ਵਿੱਚ ਫਿਰਕੂ ਵੰਡੀਆਂ ਪਾ ਕੇ ਸੰਘਰਸ਼ ਨੂੰ ਲੀਹੋਂ ਲਾਹੁਣ ਦੇ ਮਨਸੂਬੇ ਪਾਲ ਰਹੀ ਹੈ।
ਇਸ ਮੌਕੇ ਹਰਿਆਣਾ ਪੁਲੀਸ ਵੱਲੋਂ ਗ੍ਰਿਫਤਾਰ ਕੀਤੀ ਗਈ ਮਜ਼ਦੂਰ ਆਗੂ ਨੌਦੀਪ ਕੌਰ ਨੂੰ ਰਿਹਾਅ ਕਰਨ ਦੀ ਮੰਗ ਵੀ ਕੀਤੀ ਗਈ ਤੇ ਉਸ ਉੱਪਰ ਕੀਤੇ ਪੁਲਸ ਤਸ਼ੱਦਦ ਦੀ ਨਿਖੇਧੀ ਕੀਤੀ। ਅੰਤ ਵਿੱਚ ਉਨ੍ਹਾਂ ਨੇ ਸਮੂਹ ਲੋਕਾਂ ਨੂੰ 10 ਤਰੀਕ ਨੂੰ ਸ਼ਹਿਰ ਵਿੱਚ ਕੀਤੇ ਜਾ ਰਹੇ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਰਿਹਾਨਾ ਤੇ ਗਰੇਟਾ ਦੇ ਸ਼ੁਕਰਗੁਜ਼ਾਰ ਨੇ ਦੀਪ ਸਿੰਘ ਵਾਲਾ ਦੇ ਬੱਚੇ
ਰਿਹਾਨਾ ਤੇ ਗਰੇਟਾ ਦਾ ਧੰਨਵਾਦ ਕਰਦੇ ਹੋਏ ਬੱਚੇ।
ਜਸਵੰਤ ਜੱਸ
ਫ਼ਰੀਦਕੋਟ, 7 ਫਰਵਰੀ
ਜ਼ਿਲ੍ਹੇ ਦੇ ਪਿੰਡ ਦੀਪ ਸਿੰਘ ਵਾਲਾ ਵਿੱਚ ਅੱਜ ਵਿਲੱਖਣ ਕਿਸਮ ਦਾ ਪ੍ਰਦਰਸ਼ਨ ਹੋਇਆ। ਪਿੰਡ ਦੇ ਸੈਂਕੜੇ ਬੱਚਿਆਂ ਨੇ ਪਿੰਡ ਵਿੱਚ ਕੌਮਾਂਤਰੀ ਗਾਇਕਾ ਰਿਹਾਨਾ, ਵਾਤਾਵਰਨ ਪ੍ਰੇਮੀ ਗਰੇਟਾ ਥਨਬਰਗ ਅਤੇ ਦਿੱਲੀ ‘ਚ ਕਾਨੂੰਨ ਰੱਦ ਕਰਵਾਉਣ ਲਈ ਪਿਛਲੇ ਕਰੀਬ ਸੌ ਦਿਨਾਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਵੱਡਾ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਦੀ ਅਗਵਾਈ 11 ਸਾਲਾ ਬੱਚੇ ਜਰਨੈਲ ਸਿੰਘ ਨੇ ਕੀਤੀ ਜੋ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਦਾ ਇਕਲੌਤਾ ਪੁੱਤਰ ਹੈ।
ਬੱਚਿਆਂ ਨੇ ਪਿੰਡ ਵਿੱਚ ਪ੍ਰਦਰਸ਼ਨ ਦੌਰਾਨ ਰਿਹਾਨਾ ਅਤੇ ਥਨਬਰਗ ਦਾ ਧੰਨਵਾਦ ਕੀਤਾ ਕਿ ਉਹ ਭਾਰਤ ਦੇ ਕਿਸਾਨਾਂ ਦੇ ਹੱਕ ਵਿੱਚ ਬੋਲੇ ਹਨ। ਜਗਰੂਪ ਕੌਰ ਨੇ ਦੱਸਿਆ ਕਿ ਬੱਚਿਆਂ ਨੇ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਪਿੰਡ ਵਿੱਚ ਇਕੱਤਰ ਹੋ ਕੇ ਪੋਸਟਰ ਬਣਾਏ ਅਤੇ ਬਾਅਦ ਵਿੱਚ ਇਨ੍ਹਾਂ ਪੋਸਟਰਾਂ ਨੂੰ ਲੈ ਕੇ ਪਿੰਡ ਵਿੱਚ ਪ੍ਰਦਰਸ਼ਨ ਕੀਤਾ। ਪਿੰਡ ਦੇ ਲੋਕਾਂ ਨੇ ਆਪਣੇ ਬੱਚਿਆਂ ਦੇ ਇਸ ਵਿਲੱਖਣ ਸੰਘਰਸ਼ ਵਿੱਚ ਪੂਰਾ ਸਹਿਯੋਗ ਦਿੱਤਾ। ਬੱਚੇ ਪ੍ਰਦਰਸ਼ਨ ਦੌਰਾਨ ਪਿੰਡ ਦੀਆਂ ਸਾਰੀਆਂ ਗਲੀਆਂ ਅਤੇ ਸੜਕਾਂ ‘ਤੇ ਗਏ ਅਤੇ ਲੋਕਾਂ ਨੂੰ ਇਕਮੁੱਠ ਹੋਣ ਲਈ ਕਿਹਾ। 11 ਸਾਲਾ ਜਰਨੈਲ ਸਿੰਘ ਨੇ ਦੱਸਿਆ ਕਿ ਦਿੱਲੀ ਸੰਘਰਸ਼ ਵਿੱਚ ਉਹ ਆਪਣੇ ਮਾਪਿਆਂ ਨਾਲ 60 ਦਿਨ ਉੱਥੇ ਗੁਜ਼ਾਰ ਕੇ ਆਇਆ ਹੈ ਅਤੇ ਉਸ ਦੇ ਨਾਲ ਹੋਰ ਬਹੁਤ ਸਾਰੇ ਬੱਚੇ ਟਿਕਰੀ ਅਤੇ ਸਿੰਧੂ ਬਾਰਡਰ ਜਾ ਕੇ ਆਏ ਹਨ। ਇਨ੍ਹਾਂ ਬੱਚਿਆਂ ਨੇ ਪਿੰਡ ਵਿੱਚ ਆ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਅਤੇ ਆਪਣੇ ਤਜਰਬੇ ਪਿੰਡ ਦੇ ਲੋਕਾਂ ਨਾਲ ਸਾਂਝੇ ਕੀਤੇ।