ਖੇਤੀ ਬਿੱਲ: ਕੇਂਦਰ ਸਰਕਾਰ ਖ਼ਿਲਾਫ਼ ਸੜਕਾਂ ’ਤੇ ਉੱਤਰੇ ਕਿਸਾਨ

ਬਾਦਲਾਂ ਨੂੰ ਕਿਸਾਨਾਂ ਦੇ ਦੁਸ਼ਮਣ ਗਰਦਾਨਿਆ; ਪਿੰਡ-ਪਿੰਡ ਅਰਥੀਆਂ ਫੂਕੀਆਂ; ਖੇਤੀ ਵਿਰੋਧੀ ਬਿੱਲ ਵਾਪਸ ਲੈਣ ਦੀ ਮੰਗ

ਖੇਤੀ ਬਿੱਲ: ਕੇਂਦਰ ਸਰਕਾਰ ਖ਼ਿਲਾਫ਼ ਸੜਕਾਂ ’ਤੇ ਉੱਤਰੇ ਕਿਸਾਨ

ਬਠਿੰਡਾ ਵਿੱਚ ਐਤਵਾਰ ਨੂੰ ਖੇਤੀ ਬਿੱਲਾਂ ਦੇ ਵਿਰੋਧ ’ਚ ਕੇਂਦਰ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕਰਦੇ ਹੋਏ ਕਿਸਾਨ। -ਫੋਟੋ: ਪਵਨ ਸ਼ਰਮਾ

ਸ਼ਗਨ ਕਟਾਰੀਆ

ਬਠਿੰਡਾ, 20 ਸਤੰਬਰ

ਕਿਸਾਨ ਧਿਰਾਂ ਦੇ ਸਾਂਝੇ ਸੱਦੇ ’ਤੇ ਅੱਜ ਇਥੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਨਾਲ ਸਬੰਧਤ ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਰਥੀ ਫੂਕੀ। ਸਰਕਟ ਹਾਊਸ ਨੇੜਿਓਂ ਅਰਥੀ ਚੁੱਕ ਕੇ ਕਿਸਾਨ ਰੋਸ ਮਾਰਚ ਕਰਦੇ ਹੋਏ ਬੱਸ ਅੱਡੇ ’ਤੇ ਪਹੁੰਚੇ ਅਤੇ ਇਥੇ ਅਰਥੀ ਨੂੰ ਲਾਂਬੂ ਲਾਇਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਦੇ ਅੰਨਦਾਤੇ ਨਾਲ ਧ੍ਰੋਹ ਕਮਾਇਆ ਹੈ, ਜਿਸ ਦਾ ਖ਼ਮਿਆਜ਼ਾ ਉਸ ਨੂੰ ਸਿਆਸੀ ਰਣ ਖੇਤਰ ਵਿਚ ਭੁਗਤਣਾ ਪਵੇਗਾ। ਉਨ੍ਹਾਂ ਬਾਦਲ ਪਰਿਵਾਰ ਨੂੰ ਵੀ ਕਿਸਾਨਾਂ ਦਾ ਦੁਸ਼ਮਣ ਗਰਦਾਨਦਿਆਂ ਆਖਿਆ ਕਿ ਕਿਸਾਨਾਂ ਨੂੰ ਗੁਮਰਾਹ ਕਰਨ ਦੀ ਥਾਂ ਜੇ ਅਕਾਲੀ ਦਲ ਨੇ ਵੇਲੇ ਸਿਰ ਕਦਮ ਚੁੱਕਿਆ ਹੁੰਦਾ ਤਾਂ ਕਿਸਾਨਾਂ ਨੂੰ ਇਹ ਦਿਨ ਨਾ ਵੇਖਣੇ ਪੈਂਦੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਲੋਕ ਸਭਾ ’ਚ ਪਾਸ ਹੋਏ ਖੇਤੀ ਆਰਡੀਨੈਂਸਾਂ ਨੂੰ ਰੱਦ ਕੀਤਾ ਜਾਵੇ। ਧਰਨਾਕਾਰੀਆਂ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਅਤੇ ਸੂਬਾਈ ਆਗੂ ਰੇਸ਼ਮ ਸਿੰਘ ਯਾਤਰੀ ਨੇ ਕੀਤੀ।  

ਮਾਨਸਾ (ਜੋਗਿੰਦਰ ਸਿੰਘ ਮਾਨ): ਪੰਜਾਬ ਕਿਸਾਨ ਯੂਨੀਅਨ ਦੇ ਆਗੂਆਂ ਤੇ ਵਰਕਰਾਂ ਨੇ ਅੱਜ ਬਾਬਾ ਬੂਝਾ ਸਿੰਘ ਭਵਨ ਤੋਂ ਬੱਸ ਸਟੈਂਡ ਤੱਕ ਰੋਸ ਮਾਰਚ ਕਰਕੇ ਠੀਕਰੀਵਾਲਾ ਚੌਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਰਥੀ ਸਾੜੀ। ਜਥੇਬੰਦੀ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਪੰਜਾਬ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਚੁੱਕੀਆਂ ਹਨ। 25 ਸਤੰਬਰ ਨੂੰ ਪੰਜਾਬ ਦੀਆਂ ਸਾਰੀਆਂ ਕਿਸਾਨ ਜਥਬੰਦੀਆਂ ਵੱਲੋਂ ‘ਪੰਜਾਬ ਬੰਦ’ ਕੀਤਾ ਜਾਵੇਗਾ। ਇਸ ਮੌਕੇ ਗੁਰਨਾਮ ਸਿੰਘ ਭੀਖੀ, ਗੋਰਾ ਸਿੰਘ ਭੈਣੀਬਾਘਾ, ਕਰਨੈਲ ਸਿੰਘ, ਸਵਰਨ ਸਿੰਘ, ਹਰਜਿੰਦਰ ਸਿੰਘ ਮਾਨਸ਼ਾਹੀਆ, ਸੁਖਚਰਨ ਸਿੰਘ ਦਾਨੇਵਾਲੀਆ, ਸਾਧੂ ਸਿੰਘ ਬੁਰਜ ਢਿੱਲਵਾਂ ਵੀ ਹਾਜ਼ਰ ਸਨ। 

ਮੋਗਾ (ਮਹਿੰਦਰ ਸਿੰਘ ਰੱਤੀਆਂ): ਕੇਂਦਰ ਵੱਲੋਂ ਲਿਆਂਦੇ ਗਏ ਖੇਤੀ ਬਿੱਲਾਂ ਖ਼ਿਲਾਫ਼ ਅੱਜ ਇੱਥੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪਿੰਡ ਮਹੇਸਰੀ ਵਿੱਚ ਕਿਸਾਨਾਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਖੇਤੀ ਨਾਲ ਸਬੰਧਤ ਪਾਸ ਕੀਤੇ ਕਾਨੂੰਨ ਕਿਸਾਨਾਂ ਦਾ ਉਜਾੜਾ ਕਰ ਦੇਣਗੇ। ਇਸ ਮੌਕੇ ਕਿਸਾਨਾਂ ਨੇ ਮੰਗ ਕੀਤੀ ਕਿ ਖੇਤੀ ਵਿਰੋਧੀ ਕਾਨੂੰਨ ਰੱਦ ਕੀਤੇ ਜਾਣ, ਫ਼ਸਲਾਂ ਦੀ ਸਰਕਾਰੀ ਖਰੀਦ ਅਤੇ ਲਾਹੇਵੰਦ ਭਾਅ ਯਕੀਨੀ ਬਣਾਏ ਜਾਣ, ਕਿਸਾਨਾਂ-ਮਜ਼ਦੂਰਾਂ ਨੂੰ ਦਸ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ, ਬਿਜਲੀ ਬਿੱਲ-2020 ਰੱਦ ਕੀਤਾ ਜਾਵੇ ਤੇ ਪੈਟਰੋਲ-ਡੀਜ਼ਲ ਸਸਤਾ ਕੀਤਾ ਜਾਵੇ। ਇਸ ਮੌਕੇ ਨੌਜਵਾਨ ਆਗੂ ਸੁਖਜਿੰਦਰ ਮਹੇਸਰੀ, ਬਿੰਦਰ ਸਿੰਘ ਨੰਬਰਦਾਰ, ਆਤਮਾ ਸਿੰਘ ਖਾਲਸਾ, ਪਾਲ ਸਿੰਘ ਨੰਬਰਦਾਰ, ਭੁਪਿੰਦਰ ਸਿੰਘ ਭਿੰਦਾ, ਮਹੇਸ਼ਵੀਰ ਸਿੰਘ, ਅਮਨਦੀਪ ਅਮੂ, ਲਖਵੀਰ ਸਿੰਘ ਰਾਜੂ ਨਰੇਗਾ ਹਾਜ਼ਰ ਸਨ।

ਫਾਜ਼ਿਲਕਾ (ਪਰਮਜੀਤ ਸਿੰਘ): ਖੇਤੀ ਬਿੱਲ ਰੱਦ ਕਰਵਾਉਣ ਲਈ ਸਮੂਹ ਜਥੇਬੰਦੀਆਂ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਅੱਜ ਪਿੰਡ ਬਾਘੇਵਾਲਾ, ਚੱਕਪੱਖੀ, ਅਰਨੀਵਾਲਾ ਖੂਈਖੇੜਾ, ਆਜਮਵਾਲਾ, ਕੇਰੀਆ ਅਤੇ ਕਈ ਹੋਰ ਪਿੰਡਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਗਏ। ਭਾਕਿਯੂ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਪਰਗਟ ਸਿੰਘ ਚੱਕਪੱਖੀ ਨੇ ਕਿਹਾ ਕਿ ਖੇਤੀ ਬਿੱਲ ਕਾਰਨ ਫ਼ਸਲ ਦੀ ਖਰੀਦ ਮੰਡੀਆਂ ਨਾਲੋਂ ਟੁੱਟ ਜਾਣ ’ਤੇ ਨਿੱਜੀ ਕੰਪਨੀਆਂ ਆਪਣੀ ਮਰਜ਼ੀ ਦੀ ਕੀਮਤ ’ਤੇ ਖਰੀਦਣਗੀਆਂ। ਇਸ ਮੌਕੇ ਕਿਸਾਨ ਆਗੂ ਉਦੈ ਸਿੰਘ ਘੁੜਿਆਣਾ, ਗੁਰਮੇਲ ਸਿੰਘ ਬਾਘੇਵਾਲਾ, ਲਖਵਿੰਦਰ ਸਿੰਘ, ਨਵਨੀਤ ਫਰਵਾਂਵਾਲੀ ਤੇ ਹੋਰ ਕਿਸਾਨ ਮੌਜੂਦ ਸਨ।

ਬਰਨਾਲਾ (ਪਰਸ਼ੋਤਮ ਬੱਲੀ): ਅੱਜ ਬੀਕੇਯੂ (ਡਕੌਂਦਾ) ਵੱਲੋਂ ਬਰਨਾਲਾ ਬਲਾਕ ਦੇ ਪਿੰਡਾਂ ਉੱਪਲੀ, ਠੀਕਰੀਵਾਲ, ਖੁੱਡੀਕਲਾਂ, ਸੰਘੇੜਾ, ਹਮੀਦੀ, ਪੱਖੋ ਕਲਾਂ, ਅਸਪਾਲ ਕਲਾਂ, ਧੌਲਾ, ਧਨੌਲਾ, ਭੂਰੇ, ਅਤਰਸਿੰਘ ਵਾਲਾ ਅਤੇ ਕਰਮਗੜ੍ਹ ਵਿੱਚ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ। ਇਸ ਮੌਕੇ ਵੱਖ ਵੱਖ ਪਿੰਡਾਂ ਵਿੱਚ ਬੀਕੇਯੂ (ਡਕੌਂਦਾ) ਦੇ ਆਗੂਆਂ ਬਲਵੰਤ ਉੱਪਲੀ, ਪ੍ਰਮਿੰਦਰ ਹੰਡਿਆਇਆ, ਬਾਬੂ ਸਿੰਘ ਖੁੱਡੀਕਲਾਂ, ਮਹਿੰਦਰ ਸਿੰਘ ਅਸਪਾਲ ਕਲਾਂ, ਸਿਕੰਦਰ ਸਿੰਘ ਭੂਰੇ, ਗੋਪਾਲ ਕ੍ਰਿਸ਼ਨ ਹਮੀਦੀ, ਦਰਸ਼ਨ ਦਾਸ ਧਨੌਲਾ ਅਤੇ ਨਿਰਮਲ ਸਿੰਘ ਹਮੀਦੀ ਨੇ ਸੰਬੋਧਨ ਕਰਦਿਆਂ ਕੇਂਦਰੀ ਹਾਕਮਾਂ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਲਲਕਾਰਿਆ। 

ਹਰ ਵਰਗ ਲਈ ਮਾਰੂ ਸਿੱਧ ਹੋਣਗੇ ਬਿੱਲ: ਕਾਮਰੇਡ ਅਰਸ਼ੀ

ਬੁਢਲਾਡਾ (ਅਮਿਤ ਕੁਮਾਰ/ਐੱਨਪੀ ਸਿੰਘ): ਅੱਜ ਪਿੰਡ ਦਾਤੇਵਾਸ ਵਿੱਚ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਗਏ। ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਦੀ ਅਗਵਾਈ ਹੇਠ ਕੀਤੇ ਅਰਥੀ ਫੂਕ ਮੁਜਾਹਰੇ ’ਚ ਕਿਸਾਨ ਸਭਾ ਸਮੇਤ ਆਮ ਆਦਮੀ, ਕਿਸਾਨ ਯੁਨੀਅਨਾਂ, ਪੰਚਾਇਤ ਅਤੇ ਅਕਾਲੀ-ਕਾਂਗਰਸੀ ਆਗੂ ਵੀ ਸ਼ਾਮਲ ਹੋਏ। ਪਿੰਡ ਦੀ ਧਰਮਸ਼ਾਲਾ ਵਿੱਚ ਸੰਬੋਧਨ ਕਰਦਿਆਂ ਕਾਮਰੇਡ ਅਰਸ਼ੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ, ਆੜ੍ਹਤੀਆਂ ਅਤੇ ਮਜ਼ਦੂਰ ਵਿਰੋਧੀ ਕਾਨੂੰਨ ਲਾਗੂ ਕਰਨ ਨਾਲ ਹਰ ਵਰਗ ਇਸ ਦੀ ਮਾਰ ਹੇਠ ਆਵੇਗਾ। ਉਨ੍ਹਾਂ 25 ਸਤੰਬਰ ਦੇ ਪੰਜਾਬ ਬੰਦ ਦੇ ਸੱਦਾ ਨੂੰ ਡਟਵੀਂ ਹਮਾਇਤ ਦੇਣ ਦਾ ਸੱਦਾ ਦਿੱਤਾ। ਇਸ ਮੌਕੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੀਤਾ ਰਾਮ ਗੋਬਿੰਦਪੁਰਾ,ਆਪ ਦੇ ਜਿਲ੍ਹਾ ਪ੍ਰਧਾਨ ਜਸਪਾਲ ਸਿੰਘ, ਸਰਪੰਚ ਰਣਜੀਤ ਸਿੰਘ, ਅਮਰੀਕ ਸਿੰਘ ਬੋਲਾ, ਸੁਖਰਾਜ ਸਿੰਘ , ਭਗਵਾਨ ਸਿੰਘ ਸਾਬਕਾ ਸਰਪੰਚ, ਕਰਨੈਲ ਸਿੰਘ ਦਾਤੇਵਾਸ, ਜਤਿੰਦਰ ਕੁਮਾਰ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਬਰੇਟਾ ਅਤੇ ਮੁਨੀਮ ਐਸੋਸੀਏਸ਼ਨ ਦੇ ਸੰਜੂ ਯਾਦਵ ਹਾਜ਼ਰ ਸਨ।

ਭਾਜਪਾ ਆਗੂਆਂ ਦਾ ਬਾਈਕਾਟ ਕਰੇਗਾ ਸੰਵਿਧਾਨ ਬਚਾਓ ਮੰਚ

ਮਾਨਸਾ (ਪੱਤਰ ਪ੍ਰੇਰਕ): ਸੰਵਿਧਾਨ ਬਚਾਓ ਮੰਚ ਪੰਜਾਬ ਨੇ ਕਿਹਾ ਕਿ ਕਿਸਾਨ ਵਿਰੋਧੀ ਖੇਤੀ ਬਿੱਲ ਕਾਰਨ ਦੇਸ਼ ਭਰ ਦੇ ਕਿਸਾਨਾਂ ਅਤੇ ਆੜ੍ਹਤੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਕਰੋਨਾ ਮਹਾਮਾਰੀ ਦੌਰਾਨ ਆਪਣੀ ਜਾਨ ਦੀ ਪਰਵਾਹ ਨਾ ਕੀਤੇ ਬਿਨਾਂ ਮੋਦੀ ਸਰਕਾਰ ਦੇ ਖੇਤੀ ਬਿੱਲ ਦੇ ਵਿਰੋਧ ਵਿੱਚ ਕਿਸਾਨ ਅਤੇ ਆੜ੍ਹਤੀਏ ਵੱਡੀ ਗਿਣਤੀ ਵਿੱਚ ਸੜਕਾਂ ਤੇ ਉੱਤਰੇ ਹੋਏ ਹਨ। ਮੰਚ ਦੇ ਆਗੂ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਲੋਕਾਂ ਨੂੰ ਖੇਤੀ ਬਿੱਲਾਂ ਦੇ ਵਿਰੋਧ ’ਚ ਪੰਜਾਬ ਭਰ ਵਿੱਚ ਜਿਥੇ ਵੀ ਕੋਈ ਭਾਰਤੀ ਜਨਤਾ ਪਾਰਟੀ ਦਾ ਨੇਤਾ ਜਾਂ ਵਰਕਰ ਕੋਈ ਪਿੰਡਾਂ ਵਿੱਚ ਆਉਂਦਾ ਹੈ ਤਾਂ ਉਸ ਦਾ ਘਿਰਾਓ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੂੰ ਇਹ ਸੰਦੇਸ਼ ਪਹੁੰਚ ਜਾਵੇ ਕਿ ਪੰਜਾਬ ਦੇ ਸਾਰੇ ਕਿਸਾਨ ਅਤੇ ਲੋਕ ਇੱਕ ਹਨ ਅਤੇ ਪੰਜਾਬ ਦੇ ਕਿਸੇ ਪਿੰਡ ਅਤੇ ਕਸਬੇ ਵਿੱਚ ਬੀਜੇਪੀ ਪਾਰਟੀ ਨਾਲ ਸਬੰਧਤ ਵਿਅਕਤੀ ਨੂੰ ਨਹੀਂ ਵੜਨ ਦਿੱਤਾ ਜਾਵੇਗਾ। ਇਸ ਮੌਕੇ ਕ੍ਰਿਸ਼ਨ ਚੌਹਾਨ ਅਤੇ ਡਾ. ਧੰਨਾ ਮੱਲ ਗੋਇਲ ਹਾਜ਼ਰ ਸਨ।

ਕਿਸਾਨਾਂ ਵੱਲੋਂ ਕੌਮੀ ਮਾਰਗ ’ਤੇ ਚੱਕਾ ਜਾਮ

ਭੁੱਚੋ ਮੰਡੀ (ਪਵਨ ਗੋਇਲ): ਪੰਜਾਬ  ਦੀਆਂ 31 ਕਿਸਾਨ ਜੱਥੇਬੰਦੀਆਂ ਦੇ ਸੱਦੇ ’ਤੇ ਅੱਜ ਵੱਖ ਵੱਖ ਕਿਸਾਨ ਜੱਥੇਬੰਦੀਆਂ ਨੇ  ਖੇਤੀ ਬਿੱਲਾਂ ਖ਼ਿਲਾਫ਼ ਪਿੰਡ ਲਹਿਰਾ ਮੁਹੱਬਤ ਵਿੱਚ ਰੋਸ ਮਾਰਚ ਕੀਤਾ ਅਤੇ ਬਠਿੰਡਾ  ਜ਼ੀਰਕਪੁਰ ਕੌਮੀ ਮਾਰਗ ’ਤੇ ਲਗਭਗ  ਵੀਹ ਮਿੰਟ ਦਾ ਜਾਮ ਲਗਾਇਆ। ਇਸ ਦੌਰਾਨ ਕਿਸਾਨਾਂ ਨੇ  ਮੋਦੀ ਸਰਕਾਰ ਦੀ ਅਰਥੀ ਫੂਕ। ਇਸ ਮੌਕੇ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਕਮੇਟੀ ਮੈਂਬਰ ਜਗਜੀਤ  ਸਿੰਘ ਲਹਿਰਾ, ਭਾਕਿਯੂ ਏਕਤਾ ਡਕੌਂਦਾ ਦੇ ਪਿੰਡ ਇਕਾਈ ਪ੍ਰਧਾਨ ਰਾਮਪਾਲ  ਸਿੰਘ ਤੇ ਕਰਮਜੀਤ ਕਰਮੀ, ਭਾਕਿਯੂ ਸਿੱਧੂਪੁਰ ਦੇ ਗੁਰਮੇਲ ਸਿੰਘ, ਬਲਵੀਰ  ਸਿੰਘ, ਭਾਕਿਯੂ ਕ੍ਰਾਂਤੀਕਾਰੀ ਦੇ ਪਿਆਰਾ ਸਿੰਘ ਅਤੇ ਕਿਰਤੀ ਕਿਸਾਨ  ਯੂਨੀਅਨ ਦੇ ਜਗਰਾਜ ਸਿੰਘ ਪਾਲੀ ਤੇ ਰਣਜੀਤ ਸਿੰਘ ਨੇ ਦੱਸਿਆ ਕਿ ਖੇਤੀ ਬਿੱਲਾਂ ਖ਼ਿਲਾਫ਼ 24, 25 ਅਤੇ 26  ਸਤੰਬਰ ਨੂੰ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਅਤੇ 25 ਸਤੰਬਰ ਨੂੰ ਮੁਕੰਮਲ ਤੌਰ ’ਤੇ  ਪੰਜਾਬ ਬੰਦ ਰੱਖਿਆ ਜਾਵੇਗਾ। 

ਅਧਿਆਪਕਾਂ ਵੱਲੋਂ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ

ਫ਼ਰੀਦਕੋਟ (ਜਸਵੰਤ ਜੱਸ): ਪਿੰਡ ਬਾਦਲ ਵਿੱਚ ਧਰਨੇ ’ਤੇ ਬੈਠੇ ਕਿਸਾਨਾਂ ਦੀ ਹਮਾਇਤ ਵਿੱਚ ਅੱਜ ਇੱਥੋਂ ਅਧਿਆਪਕਾਂ ਦਾ ਵੱਡਾ ਕਾਫ਼ਲਾ ਰਵਾਨਾ ਹੋਇਆ। ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਨੇ ਕਿਹਾ ਕਿ ਉਹ ਕਿਸਾਨਾਂ ਦੀ ਖੁੱਲ੍ਹ ਕੇ ਹਮਾਇਤ ਕਰ ਰਹੇ ਹਨ। ਅਧਿਆਪਕ ਆਗੂ ਗੁਰਜਿੰਦਰ ਡੋਹਕ, ਖੁਸ਼ਵੰਤ ਬਰਗਾੜੀ, ਕੁਲਦੀਪ ਘਣੀਆ, ਗਗਨ ਪਾਹਵਾ, ਰੁਪਿੰਦਰ ਵਰਮਾ, ਕੁਲਵਿੰਦਰ ਮੋੜ, ਭੁਪਿੰਦਰ ਸਿੰਘ ਬਰਗਾੜੀ ਅਤੇ ਸੁਰਿੰਦਰ ਰਿੰਪੀ ਨੇ ਦੱਸਿਆ ਕਿ ਕਿਸਾਨਾਂ ਦੇ ਚੱਲ ਰਹੇ ਧਰਨੇ ਵਿੱਚ ਲਗਾਤਾਰ ਸ਼ਮੂਲੀਅਤ ਕੀਤੀ ਜਾਵੇਗੀ। 

ਪੱਖੋ ਕੈਂਚੀਆਂ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂ ਕੇਂਦਰ ਸਰਕਾਰ ਦੀ ਅਰਥੀ ਸਾੜਦੇ ਹੋਏ।

ਜਥੇਬੰਦੀਆਂ ਦੀ ਇਕਜੁੱਟਤਾ ਨੇ ਕਿਸਾਨਾਂ ’ਚ ਭਰਿਆ ਨਵਾਂ ਜੋਸ਼

ਟੱਲੇਵਾਲ (ਲਖਵੀਰ ਸਿੰਘ ਚੀਮਾ): ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਇੱਕ ਮੰਚ ’ਤੇ ਇਕੱਠੀਆਂ ਹੋਈਆਂ ਹਨ। ਇਸ ਇੱਕਜੁੱਟਤਾ ਨੇ ਪਿੰਡਾਂ ਵਿੱਚ ਕਿਸਾਨਾਂ ਵਿੱਚ ਜੋਸ਼ ਜ਼ਰੂਰ ਭਰਿਆ ਹੈ। ਅੱਜ ਵੱਖ ਵੱਖ ਜਥੇਬੰਦੀਆਂ ਵੱਲੋਂ ਪਿੰਡਾਂ ਵਿੱਚ ਇਕਜੁੱਟ ਹੋ ਕੇ ਕੇਂਦਰ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਅੱਜ ਟੱਲੇਵਾਲ ਖੇਤਰ ਦੇ ਪਿੰਡ ਚੀਮਾ, ਪੱਖੋ ਕੈਂਚੀਆਂ, ਦੀਵਾਨਾ, ਛੀਨੀਵਾਲ ਖ਼ੁਰਦ, ਗਹਿਲ ਅਤੇ ਗਾਗੇਵਾਲ ਵਿਖੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਡਕੌਂਦਾ, ਰਾਜੇਵਾਲ, ਸਿੱਧੂਪੁਰ ਅਤੇ ਉਗਰਾਹਾਂ ਵੱਲੋਂ ਮਿਲ ਕੇ ਕੇਂਦਰ ਸਰਕਾਰ ਦੀ ਅਰਥੀ ਸਾੜੀ ਗਈ। ਇਸ ਮੌਕੇ ਕਿਸਾਨ ਆਗੂ ਸਿਕੰਦਰ ਸਿੰਘ ਮਾਨ, ਦਰਸ਼ਨ ਸਿੰਘ ਉਗੋਕੇ, ਜਸਵੀਰ ਸਿੰਘ ਸੁਖਪੁਰਾ, ਬਲਵਿੰਦਰ ਸਿੰਘ ਦੁੱਗਲ, ਦਰਸ਼ਨ ਸਿੰਘ ਚੀਮਾ, ਜੱਜ ਸਿੰਘ ਗਹਿਲ, ਲਖਵਿੰਦਰ ਸਿੰਘ ਲਾਲੀ, ਹਰਜੀਤ ਦੀਵਾਨਾ ਅਤੇ ਮਿੱਤਰਪਾਲ ਸਿੰਘ ਗਾਗੇਵਾਲ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਲਈ ਇਹ ਸ਼ੁਭ ਸੰਕੇਤ ਹੈ ਕਿ ਸਮੂਹ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਇੱਕ ਝੰਡੇ ਥੱਲੇ ਇਕੱਤਰ ਹੋ ਕੇ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਨਿੱਤਰੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਪੰਜਾਬ ਦੇ ਕਿਸਾਨਾਂ ਦਾ ਰੋਹ ਦਿਖਾਉਣ ਲਈ ਅੱਜ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਿਸਾਨਾਂ ਨੂੰ ਨਹੀਂ ਮਿਲੇਗਾ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦਾ ਲਾਭ

ਕਿਸਾਨਾਂ ਨੂੰ ਨਹੀਂ ਮਿਲੇਗਾ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦਾ ਲਾਭ

ਫ਼ਸਲੀ ਕਰਜ਼ੇ, ਟਰੈਕਟਰ ਤੇ ਹੋਰ ਸੰਦਾਂ ਲਈ ਕਰਜ਼ਿਆਂ ਨੂੰ ਸਕੀਮ ਦੇ ਘੇਰੇ...

ਕਿਸਾਨ ਸੰਘਰਸ਼ ਵਿਚ ਹੁਣ ਨਵੇਂ ਆਰਡੀਨੈਂਸ ਖਿਲਾਫ਼ ਗੂੰਜ

ਕਿਸਾਨ ਸੰਘਰਸ਼ ਵਿਚ ਹੁਣ ਨਵੇਂ ਆਰਡੀਨੈਂਸ ਖਿਲਾਫ਼ ਗੂੰਜ

* ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਜਾਰੀ ਨਵੇਂ ਆਰਡੀਨੈਂਸ ਨੂੰ ‘ਬਦਲਾਲਊ’ ...

ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਘਰੋਂ ਬਾਹਰ ਨਾ ਨਿਕਲਣ ਦਿੱਤਾ

ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਘਰੋਂ ਬਾਹਰ ਨਾ ਨਿਕਲਣ ਦਿੱਤਾ

ਪ੍ਰਸ਼ਾਸਨ ਨੇ ਰਿਹਾਇਸ਼ ਦੇ ਬਾਹਰ ਟਰੱਕ ਖੜ੍ਹਾ ਕਰਕੇ ਰਾਹ ਰੋਕਿਆ

ਪੁੱਤ ਵੱਲੋਂ ਪਿਤਾ ਤੇ ਮਤਰੇਈ ਮਾਂ ਦਾ ਕਤਲ

ਪੁੱਤ ਵੱਲੋਂ ਪਿਤਾ ਤੇ ਮਤਰੇਈ ਮਾਂ ਦਾ ਕਤਲ

ਮਾਂ ਦੇ ਗਰਭਵਤੀ ਹੋਣ ਦੀ ਭਿਣਕ ਪੈਣ ਮਗਰੋਂ ਦਿੱਤਾ ਵਾਰਦਾਤ ਨੂੰ ਅੰਜਾਮ, ...

ਸ਼ਹਿਰ

View All