ਰਮਨਦੀਪ ਸਿੰਘ
ਚਾਉਕੇ, 20 ਸਤੰਬਰ
ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਬਿੱਲ ਰਾਜ ਸਭਾ ਵੱਲੋਂ ਪਾਸ ਕਰਨ ਤੋਂ ਬਾਅਦ ਬਣੇ ਕਾਨੂੰਨ ਨਾਲ ਖੇਤਾਂ ਵਿਚ ਪੱਕਣ ’ਤੇ ਆਈ ਝੋਨੇ ਦੀ ਫ਼ਸਲ ਮੰਡੀਆਂ ਵਿਚ ਰੁਲਣ ਦੇ ਡਰ ਤੋਂ ਕਿਸਾਨ ਸਹਿਮੇ ਹੋਏ ਹਨ। ਕੇਂਦਰ ਸਰਕਾਰ ਵੱਲੋਂ ਭਾਵੇਂ ਘਟੋ-ਘੱਟ ਸਮਰਥਨ ਮੁੱਲ ਨਾ ਖਤਮ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਫ਼ਸਲਾਂ ਦੀ ਪ੍ਰਾਈਵੇਟ ਖ਼ਰੀਦ ਦੇ ਡਰ ਨੇ ਕਿਸਾਨਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਭੋਲਾ ਸਿੰਘ ਜੇਠੂਕੇ ਨੇ ਕਿਹਾ ਕਿ ਉਹ ਹਾੜ੍ਹੀ ਦੀ ਫ਼ਸਲ ਤਾਂ ਪਰਿਵਾਰ ਅਤੇ ਪਾਲਤੂ ਪਸ਼ੂਆਂ ਦੇ ਖਾਣ ਲਈ ਰੱਖ ਲੈਂਦੇ ਹਨ ਅਤੇ ਸਾਉਣੀ ਦੀ ਫ਼ਸਲ ਪ੍ਰਾਈਵੇਟ ਵਪਾਰੀਆਂ ਨੇ ਨਰਮੇ ਵਾਂਗ ਨਿਗੂਣੇ ਭਾਅ ’ਤੇ ਖ਼ਰੀਦੀ ਤਾਂ ਉਹ ਕਿਸਾਨੀ ਖੇਤਰ ਵਿਚੋਂ ਬਾਹਰ ਹੋ ਜਾਣਗੇ। ਬੀਕੇਯੂ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਨੇ ਕਿਹਾ ਕਿ ਸਰਕਾਰੀ ਖ਼ਰੀਦ ਪ੍ਰਣਾਲੀ ਨੂੰ ਬਦਲ ਕੇ ਮੁਨਾਫ਼ਾਖ਼ੋਰ ਵਪਾਰੀਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਇਸ ਬਾਰ ਕੇਂਦਰ ਵੱਲੋਂ ਫ਼ਸਲ ਦੀ ਖ਼ਰੀਦ ਲਈ ਫੰਡ ਪੰਜਾਬ ਨੂੰ ਨਾ ਰਿਲੀਜ਼ ਕਰਨਾ ਵੀ ਚਿੰਤਾ ਦਾ ਵਿਸ਼ਾ ਹੈ। ਜ਼ਿਲ੍ਹਾ ਬਠਿੰਡਾ ਦੇ ਡੀਐੱਫਐੱਸਓ ਜਸਪ੍ਰੀਤ ਕਾਹਲੋਂ ਨੇ ਦੱਸਿਆ ਕਿ 12 ਐਪੀ ਦੇ ਕਰੀਬ ਝੋਨਾ ਇਸ ਵਾਰ ਬਠਿੰਡਾ ਜ਼ਿਲ੍ਹੇ ਵਿੱਚੋਂ ਖ਼ਰੀਦ ਕਰਨ ਦਾ ਯੋਜਨਾ ਹੈ, ਜਿਸ ਲਈ ਮੰਡੀਆਂ ਵਿੱਚ ਖ਼ਰੀਦ ਅਧਿਕਾਰੀਆਂ ਦੀਆਂ ਡਿਊਟੀਆਂ ਇਸ ਹਫਤੇ ਲਗਾ ਦਿੱਤੀਆਂ ਜਾਣ ਗਈਆਂ। ਮਾਰਕੀਟ ਕਮੇਟੀ ਰਾਮਪੁਰਾ ਦੇ ਸੈਕਟਰੀ ਬਲਕਾਰ ਸਿੰਘ ਨੇ ਕਿਹਾ ਕਿ ਅਨਾਜ ਮੰਡੀਆਂ ਦੀ ਸਫਾਈ ਕਰਵਾਈ ਜਾ ਰਹੀ ਹੈ ਖ਼ਰੀਦ ਇਕ ਅਕਤੂਬਰ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ।