ਜੋਗਿੰਦਰ ਸਿੰਘ ਮਾਨ
ਮਾਨਸਾ, 26 ਦਸੰਬਰ
ਮਾਨਸਾ ਤੋਂ ਥੋੜੀ ਦੂਰ ਸਥਿਤ ਪਿੰਡ ਕੋਟ ਧਰਮੂ ਵਿੱਚ ਲੋਕਾਂ ਨੇ ਕਿਸਾਨ ਜਥੇਬੰਦੀਆਂ ਦੇ ਦਿੱਤੇ ਸੱਦੇ ’ਤੇ ਪਿੰਡ ਵਿੱਚ ਸਥਿਤ ਜੀਓ ਕੰਪਨੀ ਦੇ ਟਾਵਰ ਦੀ ਬਿਜਲੀ ਸਪਲਾਈ ਕੱਟ ਦਿੱਤੀ ਤੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਲੋਕਾ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਕਾਮਰੇਡ ਬਲਵਿੰਦਰ ਸਿੰਘ ਕੋਟ ਧਰਮੂ ਤੇ ਪੰਜਾਬ ਕਿਸਾਨ ਯੂਨੀਅਨ ਦੇ ਦਰਸ਼ਨ ਕੋਟ ਧਰਮੂ ਨੇ ਕਿਹਾ ਕਿ ਉਹ ਪਿੰਡ ਵਿੱਚ ਪੂੰਜੀਪਤੀ ਦੀ ਕੰਪਨੀ ਦਾ ਟਾਵਰ ਨਹੀਂ ਚੱਲਣ ਦੇਣਗੇ।
ਗਿੱਦੜਬਾਹਾ (ਦਵਿੰਦਰ ਮੋਹਨ ਬੇਦੀ): ਭਾਰਤੀ ਕਿਸਾਨ ਯੂਨੀਅਨ (ਮਾਨਸਾ) ਪੰਜਾਬ ਦੀ ਇਕਾਈ ਦੌਲਾ ਦੇ ਪ੍ਰਧਾਨ ਗੁਰਸੇਵਕ ਸਿੰਘ ਦੀ ਅਗਵਾਈ ਵਿੱਚ ਨੌਜਵਾਨਾਂ ਨੇ ਕਿਸਾਨ ਸੰਘਰਸ਼ ਤਹਿਤ ਰੋਸ ਪ੍ਰਗਟ ਕਰਦਿਆਂ ਅੱਜ ਪਿੰਡ ਦੌਲਾ ਵਿੱਚ ਜੀਓ ਦਾ ਟਾਵਰ ਬੰਦ ਕਰਵਾਇਆ ਅਤੇ ਜੀਓ ਦਾ ਬਾਈਕਾਟ ਕੀਤਾ ਗਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਕੋਲ ਵੀ ਜੀਓ ਦਾ ਨੰਬਰ ਚੱਲਦਾ ਹੈ ਤਾਂ ਬੰਦ ਕਰ ਕੇ ਬਾਈਕਾਟ ਦਾ ਸਮਰਥਨ ਕੀਤਾ ਜਾਵੇ।
ਸਮਾਲਸਰ (ਗੁਰਜੰਟ ਕਲਸੀ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਇਕਾਈ ਸਮਾਲਸਰ ਦੇ ਸੀਨੀਅਰ ਮੀਤ ਪ੍ਰਧਾਨ ਜਸਪਾਲ ਸਿੰਘ ਸਰਾਂ, ਮੀਤ ਪ੍ਰਧਾਨ ਵਰਿੰਦਰ ਵਰਿੰਦਰ ਸਿੰਘ ਦੀ ਅਗਵਾਈ ਹੇਠ ਕਿਸਾਨ ਆਗੂਆਂ ਵੱਲੋਂ ਅੱਜ ਸਥਾਨਕ ਕਸਬੇ ਵਿੱਚ ਜੀਓ ਦਾ ਦਫ਼ਤਰ ਬੰਦ ਕਰਵਾ ਕੇ ਅੱਗੇ ਤੋਂ ਦਫਤਰ ਨਾ ਖੋਲ੍ਹਣ ਦੀ ਚਿਤਾਵਨੀ ਦਿੱਤੀ ਗਈ।
ਚਾਉਕੇ (ਰਮਨਦੀਪ ਸਿੰਘ): ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੀ ਅਗਵਾਈ ਵਿੱਚ ਪਿੰਡ ਚੋਟੀਆਂ ਦੇ ਵਾਸੀਆਂ ਵੱਲੋਂ ਜੀਓ ਦੇ ਟਾਵਰ ਦਾ ਬਿਜਲੀ ਕੁਨੈਕਸ਼ਨ ਕੱਟਿਆ ਗਿਆ। ਇਸੇ ਤਰ੍ਹਾਂ ਪਿੰਡ ਰਾਈਆਂ ਵਿੱਚ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਅਮਨਦੀਪ ਸਿੰਘ ਜਵੰਧਾ ਅਤੇ ਕੱਤਰ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਤਾਂ ਉਨ੍ਹਾਂ ਜੀਓ ਕੰਪਨੀ ਦੇ ਟਾਵਰ ਦਾ ਕਨੈਕਸ਼ਨ ਕੱਟ ਦਿੱਤਾ ਹੈ।
ਭੁੱਚੋ ਮੰਡੀ (ਪਵਨ ਗੋਇਲ): ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਵਿੱਢੀ ਮੁਹਿੰਮ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਕਾਰਕੁਨਾਂ ਨੇ ਪਿੰਡ ਚੱਕ ਫ਼ਤਹਿ ਸਿੰਘ ਵਾਲਾ ਵਿੱਚ ਚੱਲ ਰਹੇ ਜੀਓ ਟਾਵਰ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਅਤੇ ਮੋਦੀ ਦੇ ਅੜੀਅਲ ਰਵੱਈਏ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਲੋਕਾਂ ਨੂੰ ਜੀਓ ਦੇ ਸਿਮ ਬੰਦ ਕਰਨ ਦੀ ਅਪੀਲ ਕੀਤੀ।
ਝੁਨੀਰ (ਜੀਵਨ ਸਿੰਘ): ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਧਰਮੂ ਵਿੱਚ ਕਿਸਾਨਾਂ ਵੱਲੋਂ ਜੀਓ ਟਾਵਰ ਦਾ ਬਿਜਲੀ ਕੁਨੈਕਸ਼ਨ ਕੱਟ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਪੰਜਾਬ ਕਿਸਾਨ ਯੂਨੀਅਨ ਦੀ ਪਿੰਡ ਇਕਾਈ ਦੇ ਪ੍ਰਧਾਨ ਦਰਸ਼ਨ ਸਿੰਘ ਬਾਹੀਆਂ ਨੇ ਕਿਹਾ ਕਿ ਪਿੰਡਾਂ ਵਿੱਚ ਜੀਓ ਦੇ ਟਾਵਰ ਅਤੇ ਜੀਓ ਦੇ ਫੋਨ ਨੰਬਰਾਂ ਦਾ ਵੱਡੀ ਪੱਧਰ ’ਤੇ ਬਾਈਕਾਟ ਕੀਤਾ ਜਾਵੇਗਾ।
ਮਹਿਲ ਕਲਾਂ (ਨਵਕਿਰਨ ਸਿੰਘ): ਮਹਿਲ ਕਲਾਂ ਖੇਤਰ ਦੇ ਪਿੰਡਾਂ ਵਿੱਚ ਲੋਕਾਂ ਵੱਲੋਂ ਜੀਓ ਟਾਵਰਾਂ ਦੀ ਬਿਜਲੀ ਗੁੱਲ ਕੀਤੀ ਜਾ ਰਹੀ ਹੈ। ਅੱਜ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੀ ਅਗਵਾਈ ਹੇਠ ਕਿਸਾਨਾਂ, ਮਜ਼ਦੂਰਾਂ ਵੱਲੋਂ ਮਹਿਲ ਕਲਾਂ ਅਤੇ ਧਨੇਰ ਵਿੱਚ ਜਦਕਿ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਸਮੇਤ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਕੁਰੜ ਵਿੱਚ ਜੀਓ ਟਾਵਰਾਂ ਦੀ ਬਿਜਲੀ ਕੱਟ ਕੇ ਨਾਅਰੇਬਾਜ਼ੀ ਕੀਤੀ ਗਈ।