ਖੇਤਰੀ ਪ੍ਰਤੀਨਿਧ
ਬਰਨਾਲਾ, 24 ਅਕਤੂਬਰ
ਬੱਤੀ ਜਥੇਬੰਦੀਆਂ ’ਤੇ ਆਧਾਰਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ’ਤੇ ਲਾਇਆ ਧਰਨਾ ਅੱਜ 389ਵੇਂ ਦਿਨ ਮੀਂਹ ਦੇ ਬਾਵਜੂਦ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਕਿਸਾਨ ਆਗੂਆਂ ਨੇ ਕਿਹਾ ਕਿ 26 ਅਕਤੂਬਰ ਨੂੰ ਦਿੱਲੀ ਮੋਰਚਿਆਂ ਦੇ 11 ਮਹੀਨੇ ਪੂਰੇ ਹੋਣ’ਤੇ ਸੰਯੁਕਤ ਕਿਸਾਨ ਮੋਰਚਾ ਨੇ ਵਿਸ਼ੇਸ਼ ਪ੍ਰੋਗਰਾਮ ਉਲੀਕੇ ਹਨ। ਸੱਦਾ ਦਿੱਤਾ ਹੈ ਕਿ 26 ਅਕਤੂਬਰ ਨੂੰ ਪੂਰੇ ਦੇਸ਼ ਵਿੱਚ ਸਾਰੇ ਜ਼ਿਲ੍ਹਾ ਤੇ ਤਹਿਸੀਲ ਪੱਧਰੀ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਲਖਨਊ ਕਿਸਾਨ ਮਹਾਪੰਚਾਇਤ ਹੁਣ 26 ਅਕਤੂਬਰ ਦੀ ਬਜਾਏ 22 ਨਵੰਬਰ ਨੂੰ ਕੀਤੀ ਜਾਵੇਗੀ।
ਅੱਜ ਸ਼ਹੀਦ ਭਗਤ ਸਿੰਘ ਦੇ ਨਜ਼ਦੀਕੀ ਸਾਥੀ ਜੈਦੇਵ ਕਪੂਰ ਦੇ ਜਨਮ ਦਿਨ ਮੌਕੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਸਿਜਦਾ ਕੀਤਾ ਗਿਆ।
ਅੱਜ ਧਰਨੇ ਨੂੰ ਗੁਰਨਾਮ ਸਿੰਘ ਠੀਕਰੀਵਾਲਾ, ਗੋਰਾ ਸਿੰਘ ਢਿੱਲਵਾਂ, ਨਛੱਤਰ ਸਿੰਘ ਸਹੌਰ, ਸ਼ਿੰਦਰ ਸਿੰਘ ਧੌਲਾ, ਬਲਜੀਤ ਸਿੰਘ ਚੌਹਾਨਕੇ, ਜਸਪਾਲ ਸਿੰਘ ਚੀਮਾ,ਗੁਰਮੇਲ ਸ਼ਰਮਾ,ਅਮਰਜੀਤ ਕੌਰ,ਪ੍ਰੇਮਪਾਲ ਕੌਰ, ਜਰਨੈਲ ਸਿੰਘ ਹੰਡਿਆਇਆ, ਜਸਪਾਲ ਕੌਰ ਕਰਮਗੜ੍ਹ, ਗੁਰਜੰਟ ਸਿੰਘ ਹਮੀਦੀ, ਬਿੱਕਰ ਸਿੰਘ ਔਲਖ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਅੱਜ ਫਿਰ ਡੀਏਪੀ ਖਾਦ ਦੀ ਕਿੱਲਤ ਬਾਰੇ ਚਰਚਾ ਕੀਤੀ ਜੋ ਦਿਨ-ਬਦਿਨ ਬੱਦ ਤੋਂ ਬੱਦਤਰ ਹੋ ਰਹੀ ਹੈ। ਆਗੂਆਂ ਨੇ ਜਿੱਥੇ ਸਰਕਾਰ ਨੂੰ ਕਿੱਲਤ ਦੂਰ ਕਰਨ ਲਈ ਤੁਰੰਤ ਕਦਮ ਉਠਾਉਣ ਲਈ ਕਿਹਾ। ਉਥੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਖਾਦ ਦੀ ਜ਼ਖੀਰੇਬਾਜ਼ੀ ਨਾ ਕਰਨ।
ਅੱਜ ਰਾਜਵਿੰਦਰ ਸਿੰਘ ਮੱਲੀ ਦੇ ਕਵੀਸ਼ਰੀ ਜਥੇ ਨੇ ਬੀਰਰਸੀ ਕਵੀਸ਼ਰੀ ਗਾਇਣ ਕਰਕੇ ਪੰਡਾਲ ‘ਚ ਜੋਸ਼ ਭਰਿਆ। ਨਰਿੰਦਰਪਾਲ ਸਿੰਗਲਾ ਨੇ ਕਵਿਤਾ ਸੁਣਾਈ।
ਕਿਸਾਨ-ਮਜ਼ਦੂਰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਲਾ ਕੈਲੰਡਰ ਜਾਰੀ
ਮਲੋਟ (ਲਖਵਿੰਦਰ ਸਿੰਘ) ਇਥੇ ਅਨਾਜ ਮੰਡੀ ਵਿੱਚ ਕਾਲੇ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ 800 ਕਿਸਾਨ-ਮਜ਼ਦੂਰਾਂ ਨੂੰ ਸ਼ਰਧਾਂਜਲੀ ਦੇਣ ਵਾਲਾ ਇੱਕ ਕੈਲੰਡਰ ਜਾਰੀ ਕੀਤਾ ਗਿਆ। ਇਸ ਮੌਕੇ ਲੱਖਾ ਸ਼ਰਮਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਵਿਨੋਦ ਗਰਗ ਸੂਬਾ ਵਾਇਸ-ਪ੍ਰਧਾਨ ਭਾਰਤੀ ਵਪਾਰ ਮੰਡਲ, ਜੱਸਾ ਸਿੰਘ ਕਲਿਆਣ ਜੇਈ ਆਦਿ ਨੇ ਸਾਂਝੇ ਤੌਰ ’ਤੇ ਸੁਦੇਸ਼ ਪਾਲ ਸਿੰਘ ਮਲੋਟ ਕੌਮੀ ਪ੍ਰਧਾਨ ਧਾਨਕ ਸਿੱਖ ਭਾਈਚਾਰਾ ਵੱਲੋਂ ਦਾਣਾ ਮੰਡੀ ਦੇ ਮਜ਼ਦੂਰਾਂ ਨੂੰ ਸੰਘਰਸ ਨਾਲ ਜੋੜਨ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਯਾਦ ਰਹੇ ਕਿ ਮਲੋਟ ਦਾਣਾ ਮੰਡੀ ਮਜ਼ਦੂਰਾਂ ਵੱਲੋਂ ਪਿਛਲੇ ਸਾਲ ਦਸੰਬਰ ਵਿੱਚ ਕਿਸਾਨਾਂ ਦੇ ਸਮਰਥਨ ਵਿੱਚ 21 ਦਿਨ ਧਰਨਾ ਲਗਾਇਆ ਗਿਆ ਸੀ, ਜੋ ਪੁਰੇ ਭਾਰਤ ਵਿੱਚ ਦਾਣਾ ਮੰਡੀ ਮਜ਼ਦੂਰਾਂ ਵੱਲੋਂ ਕਦੇ ਵੀ ਨਹੀਂ ਲੱਗਿਆ। ਇਸ ਮੌਕੇ ਬਲਰਾਜ ਸਿੰਘ ਸੇਖੋਂ, ਗੁਰਜੰਟ ਸਿੰਘ, ਬਲਤੇਜ ਸਿੰਘ, ਲਾਲ ਚੰਦ ਮੀਟਰ ਰੀਡਰ ਆਦਿ ਹਾਜ਼ਰ ਸਨ।