ਜਸਵੰਤ ਜੱਸ
ਫਰੀਦਕੋਟ, 18 ਜੂਨ
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਵਾਲੀ ਚਾਰ ਸਾਲ ਦੇ ਠੇਕੇ ’ਤੇ ਫੌਜੀ ਭਰਤੀ ਸਕੀਮ ਖ਼ਿਲਾਫ਼ ਚੱਲ ਰਹੇ ਦੇਸ਼ ਵਿਆਪੀ ਰੋਸ ਪ੍ਰਦਰਸ਼ਨਾਂ ਦੇ ਸਮਰਥਨ ਵਿੱਚ ਇੱਥੇ ਪੈਨਸ਼ਨਰ ਭਵਨ ਵਿੱਚ ਮੁਲਾਜ਼ਮ ਤੇ ਪੈਨਸ਼ਨਰ ਫਰੰਟ ਦੀ ਮੀਟਿੰਗ ਹੋਈ। ਫਰੰਟ ਨੇ ਮਿਨੀ ਸਕੱਤਰੇਤ ਫਰੀਦਕੋਟ ਵਿਖੇ ਰੋਸ ਰੈਲੀ ਕਰਨ ਤੋਂ ਬਾਅਦ ਭਾਈ ਘਨ੍ਹੱਈਆ ਚੌਕ ਵੱਲ ਰੋਸ ਮਾਰਚ ਕਰਨ ਉਪਰੰਤ ਕੇਂਦਰ ਸਰਕਾਰ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ। ਇਸ ਮੀਟਿੰਗ ਨੂੰ ਇੰਦਰਜੀਤ ਸਿੰਘ ਖੀਵਾ, ਅਸ਼ੋਕ ਕੌਸ਼ਲ, ਜਤਿੰਦਰ ਕੁਮਾਰ, ਵੀਰ ਇੰਦਰਜੀਤ ਸਿੰਘ ਪੁਰੀ, ਪ੍ਰਿੰਸੀਪਲ ਕ੍ਰਿਸ਼ਨ ਲਾਲ, ਸੁਖਜਿੰਦਰ ਸਿੰਘ ਤੂੰਬੜਭੰਨ, ਵੀਰ ਸਿੰਘ ਕੰਮੇਆਣਾ, ਜੀਤ ਸਿੰਘ ਅਤੇ ਗੁਰਚਰਨ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਚਾਰ ਸਾਲ ਦੀ ਨੌਕਰੀ ਬਾਅਦ 21 ਸਾਲ ਦੀ ਜਵਾਨ ਉਮਰ ਵਿੱਚ ਜਬਰੀ ਸੇਵਾ ਮੁਕਤ ਕੀਤੇ ਇਹ ਫੌਜੀ ਕੀ ਕਰਨਗੇੇ। ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਇਹ ਲੋਕ ਵਿਰੋਧੀ ਅਗਨੀਪਥ ਸਕੀਮ ਵਾਪਸ ਲਈ ਜਾਵੇ ਤੇ ਪਹਿਲਾਂ ਵਾਂਗ ਸਾਰੀਆਂ ਸੈਨਾਵਾਂ ਵਿੱਚ ਰੈਗੂਲਰ ਭਰਤੀ ਕੀਤੀ ਜਾਵੇ।