ਜੋਗਿੰਦਰ ਸਿੰਘ ਮਾਨ
ਮਾਨਸਾ, 19 ਜੂਨ
ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਦੇ ਵਿਰੋਧ ਵਿੱਚ ਪੰਜਾਬ ਦੇ ਲੁਧਿਆਣਾ ’ਚ ਨੌਜਵਾਨਾਂ ਵੱਲੋਂ ਰੇਲਵੇ ਸਟੇਸ਼ਨ ਦੀ ਕੀਤੀ ਗਈ ਭੰਨ-ਤੋੜ ਤੋਂ ਬਾਅਦ ਪੰਜਾਬ ਪੁਲੀਸ ਚੌਕਸ ਹੋ ਗਈ ਹੈ। ਅੱਜ ਪੁਲੀਸ ਵੱਲੋਂ ਮਾਲਵਾ ਖੇਤਰ ਦੇ ਹਰ ਸ਼ਹਿਰੀ ਅਤੇ ਪੇਂਡੂ ਖੇਤਰ ਦੇ ਰੇਲਵੇ ਸਟੇਸ਼ਨਾਂ ’ਤੇ ਲਗਾਤਾਰ ਦਿਨ ਚੜ੍ਹਦੇ ਤੋਂ ਪਹਿਰੇਦਾਰੀ ਕੀਤੀ ਗਈ। ਭਾਵੇਂ ਪਹਿਲਾਂ ਵੱਡੇ ਰੇਲਵੇ ਸਟੇਸ਼ਨ ਉੱਤੇ ਰੇਲਵੇ ਪੁਲੀਸ ਦੀ ਗਸ਼ਤ ਜਾਰੀ ਰਹਿੰਦੀ ਸੀ, ਪਰ ਹੁਣ ਅਚਨਚੇਤ ਪੰਜਾਬ ਪੁਲੀਸ ਨੂੰ ਉਨ੍ਹਾਂ ਨਾਲ ਨਿਗਰਾਨੀ ਰੱਖਣ ਲਈ ਲਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਗਨੀਪਥ ਕਾਰਨ ਮਾਲਵਾ ਖੇਤਰ ਦੇ ਪੇਂਡੂ ਰੇਲਵੇ ਸਨੇਸ਼ਨਾਂ ’ਤੇ ਤਾਇਨਾਤ ਕਾਰਨ ਕਰ ਕੇ ਥਾਣਿਆਂ ਵਿੱਚ ਡਿਊਟੀ ’ਤੇ ਤਾਇਨਾਤ ਰਹਿਣ ਵਾਲੇ ਜਵਾਨਾਂ ਦੀ ਗਿਣਤੀ ਘਟ ਗਈ ਹੈ।
ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਮਾਲਵਾ ਖੇਤਰ ਦੇ ਬਹੁਤੇ ਪੇਂਡੂ ਰੇਲਵੇ ਸਟੇਸ਼ਨਾਂ ਉੱਤੇ ਪੁਲੀਸ ਦੇ ਕਈ-ਕਈ ਜਵਾਨਾਂ ਨੂੰ ਰੇਲਵੇ ਜਾਇਦਾਦਾਂ ਅਤੇ ਆਉਂਦੀਆਂ-ਜਾਂਦੀਆਂ ਰੇਲ ਗੱਡੀਆਂ ਦੀ ਨਿਗਰਾਨੀ ਲਈ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਰੇਲਵੇ ਸਭ ਦੀ ਸਾਂਝੀ ਹੈ, ਜਿਸ ਦਾ ਨੁਕਸਾਨ ਕਰਨ ਨਾਲ ਦੇਸ਼ ਦਾ ਨੁਕਸਾਨ ਹੁੰਦਾ ਹੈ।
ਪੁਲੀਸ ਵੱਲੋਂ ਅੱਜ ਦਿੱਲੀ-ਫਿਰੋਜ਼ਪੁਰ ਰੇਲਵੇ ਟਰੈਕ ’ਤੇ ਆਉਂਦੇ ਸਟੇਸ਼ਨਾਂ ਬਰੇਟਾ, ਕਾਹਨਗੜ੍ਹ, ਦਾਤੇਵਾਸ, ਬੁਢਲਾਡਾ, ਨਰਿੰਦਰਪੁਰਾ, ਮਾਨਸਾ, ਸੱਦਾ ਸਿੰਘ ਵਾਲਾ, ਕੋਟਲੀ ਕਲਾਂ, ਮੌੜ ਮੰਡੀ, ਮਾਈਸਰ ਖਾਨਾ, ਬਾਈ ਬਖਤੌਰ ਤੋਂ ਇਲਾਵਾ ਮਾਲਵਾ ਖੇਤਰ ਦੇ ਸਾਰੇ ਪੇਂਡੂ ਰੇਲਵੇ ਸਟੇਸ਼ਨਾਂ ਉੱਤੇ ਦਿਨ ਚੜ੍ਹਦੇ ਤੋਂ ਦੇਰ ਸ਼ਾਮ ਤੱਕ ਪੁਲੀਸ ਦੀ ਪਹਿਰੇਦਾਰੀ ਕਾਇਮ ਰਹੀ।
ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮਾਲਵਾ ਖੇਤਰ ਵਿੱਚ ਸਾਰੇ ਜ਼ਿਲ੍ਹਿਆਂ ਦੇ ਪੁਲੀਸ ਮੁਖੀਆਂ ਨੂੰ ਇਹ ਫੋਰਸ ਕਾਇਮ ਰੱਖਣ ਦੀ ਹਦਾਇਤ ਕੀਤੀ ਹੋਈ ਹੈ। ਖ਼ਾਸਕਰ ਉਨ੍ਹਾਂ ਸਟੇਸ਼ਨਾਂ ’ਤੇ ਜ਼ਿਆਦਾ ਪਹਿਰੇਦਾਰੀ ਕਰਨ ਲਈ ਕਿਹਾ ਗਿਆ ਹੈ, ਜਿੱਥੇ ਕਿਸੇ ਅੰਦੋਲਨ ਦੌਰਾਨ ਰੇਲਾਂ ਦੀ ਆਵਾਜਾਈ ਨੂੰ ਰੋਕਣ ਲਈ ਟਰੈਕ ਜਾਮ ਹੁੰਦੇ ਰਹੇ ਹਨ।
ਮੋਗਾ/ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ): ਅਗਨੀਪਥ ਯੋਜਨਾ ਦੇ ਵਿਰੋਧ ਵਿੱਚ ਸੂਬੇ ਵਿੱਚ ਹੋ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਪੁਲੀਸ ਨੇ ਮੋਗਾ ਵਿੱਚ ਵੀ ਅਲਰਟ ਕਰ ਦਿੱਤਾ ਗਿਆ ਹੈ। ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਮੋਗਾ ਤੇ ਦੂਜੇ ਕਸਬਿਆਂ ਵਿੱਚ ਅਮਨ-ਸ਼ਾਂਤੀ ਹੈ। ਚੌਕਸੀ ਵਜੋਂ ਮੋਗਾ ਦੇ ਬੱਸ ਸਟੈਂਡ, ਰੇਲਵੇ ਸਟੇਸ਼ਨ ਆਦਿ ਥਾਵਾਂ ’ਤੇ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਪੁਲੀਸ ਵੱਲੋਂ ਸ਼ਹਿਰ ਤੇ ਹੋਰ ਥਾਵਾਂ ’ਤੇ ਗਸ਼ਤ ਵਧਾਈ ਹੋਈ ਹੈ। ਕਿਸੇ ਨੂੰ ਵੀ ਅਮਨ ਕਾਨੂੰਨ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਰੇਲਵੇ ਸਟੇਸ਼ਨ ਮੋਗਾ ’ਤੇ ਥਾਣਾ ਪੱਛਮੀ ਦੇ ਮੁਖੀ ਲਛਮਣ ਸਿੰਘ ਨੇ ਦੱਸਿਆ ਕਿ ਇੱਥੇ ਪੁਲੀਸ ਤਾਇਨਾਤ ਹੈ, ਪੁਲੀਸ ਦੇ ਜਵਾਨਾਂ ਵੱਲੋਂ ਇੱਥੇ ਹਰ ਆਉਣ-ਜਾਣ ਵਾਲੇ ’ਤੇ ਨਜ਼ਰ ਰੱਖੀ ਜਾ ਰਹੀ ਹੈ।
ਅਗਨੀਪਥ ਯੋਜਨਾ ਵਿਰੁੱਧ ਸਾਬਕਾ ਸੈਨਿਕਾਂ ਵੱਲੋਂ ਰੋਸ ਪ੍ਰਦਰਸ਼ਨ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਫ਼ੌਜ ਵਿੱਚ ਭਰਤੀ ਸਬੰਧੀ ਕੇਂਦਰ ਸਰਕਾਰ ਦੀ ਨਵੀਂ ਯੋਜਨਾ ਅਗਨੀਪਥ ਖ਼ਿਲਾਫ਼ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਸੈਨਿਕਾਂ ਵੱਲੋਂ ਸ਼ਹਿਰ ’ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਾਬਕਾ ਸੈਨਿਕਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਇਸ ਸਕੀਮ ਨੂੰ ਵਾਪਸ ਲੈਣ ਦੀ ਮੰਗ ਕੀਤੀ। ਸਾਬਕਾ ਸੈਨਿਕਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਨਾਕਾ ਨੰਬਰ-3 ਤੋਂ ਪ੍ਰਦਰਸ਼ਨ ਸ਼ੁਰੂ ਕਰਦਿਆਂ ਵੱਖ-ਵੱਖ ਬਾਜ਼ਾਰਾਂ ’ਚੋਂ ਹੁੰਦੇ ਹੋਏ ਕੋਟਕਪੂਰਾ ਚੌਕ ’ਚ ਪਹੁੰਚ ਕੇ ਸਮਾਪਤੀ ਕੀਤੀ ਗਈ। ਇਸ ਮੌਕੇ ਵੱਖ-ਵੱਖ ਸਾਬਕਾ ਸੈਨਿਕ ਆਗੂਆਂ ਨੇ ਕਿਹਾ ਕਿ ਚਾਰ ਸਾਲ ਦਾ ਸਮਾਂ ਫ਼ੌਜੀ ਟਰੇਨਿੰਗ ਵਿੱਚ ਹੀ ਲੰਘ ਜਾਂਦਾ ਹੈ। ਜੇ ਸਾਡੇ ਨੌਜਵਾਨ ਫ਼ੌਜ ਵਿੱਚੋਂ ਵਾਪਸ ਆਉਂਦੇ ਹਨ ਤਾਂ ਬਾਅਦ ਵਿਚ ਉਨ੍ਹਾਂ ਨੂੰ ਵਿਦੇਸ਼ਾਂ ਦੀਆਂ ਤਾਕਤਵਰ ਏਜੰਸੀਆਂ ਨੇ ਭਰਤੀ ਕਰ ਲੈਣਾ ਹੈ ਅਤੇ ਸਾਡੇ ਦੇਸ਼ ਲਈ ਘਾਤਕ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਚਾਰ ਸਾਲ ਦੀ ਭਰਤੀ ਤੋਂ ਬਾਅਦ ਕਿਸੇ ਵੀ ਜੌਬ ਲਈ ਯੋਗ ਨਹੀਂ ਰਹਿਣਗੇ ਕਿਉਂਕਿ ਉਨ੍ਹਾਂ ਦੀ ਉਮਰ ਲੰਘ ਚੁੱਕੀ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਯੋਜਨਾ ਸਾਡੇ ਨੌਜਵਾਨਾਂ ਤੇ ਦੇਸ਼ ਲਈ ਲਾਭਦਾਇਕ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਯੋਜਨਾ ਨੂੰ ਬੰਦ ਕਰਕੇ ਪਹਿਲਾਂ ਵਾਂਗ ਹੀ ਭਰਤੀ ਪ੍ਰਕਿਰਿਆ ਚਲਾਈ ਜਾਵੇ। ਇਸ ਮੌਕੇ ਸਾਬਕਾ ਫ਼ੌਜੀ ਅਵਤਾਰ ਸਿੰਘ ਫ਼ਕਰਸਰ, ਗੁਰਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਸਾਬਕਾ ਫ਼ੌਜੀ ਹਾਜ਼ਰ ਸਨ।