ਜਸਵੰਤ ਜੱਸ
ਫ਼ਰੀਦਕੋਟ, 21 ਸਤੰਬਰ
ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਦੀ ਯਾਦ ਵਿੱਚ ਮਨਾਏ ਜਾ ਰਹੇ ਆਗਮਨ ਪੁਰਬ ਦੇ ਸਬੰਧ ਵਿੱਚ ਵੱਖ-ਵੱਖ ਸੂਬਿਆਂ ਦੇ ਕਲਾਕਾਰਾਂ ਵੱਲੋਂ ਅੱਜ ਇੱਥੇ ਵੱਖ-ਵੱਖ ਵੰਨਗੀਆਂ ਦਾ ‘ਵਿਰਾਸਤ-ਏ-ਕਾਫਲਾ’ ਕੱਢਿਆ ਗਿਆ, ਜੋ ਕਿ ਕਿਲ੍ਹਾ ਮੁਬਾਰਕ ਤੋਂ ਸ਼ੁਰੂ ਹੋ ਕੇ ਦਰਬਾਰ ਗੰਜ ਪੁੱਜਿਆ। ਇਸ ਕਾਫਲੇ ਨੂੰ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਮੇਲੇ ਦੇ ਨੋਡਲ ਅਫਸਰ ਡਾ. ਨਿਰਮਲ ਓਸੇਪਚਨ, ਐੱਸਡੀਐੱਮ ਬਲਜੀਤ ਕੌਰ ਅਤੇ ਵੀਰਪਾਲ ਕੌਰ ਵੀ ਹਾਜ਼ਰ ਸਨ।
ਕਾਫ਼ਲੇ ਵਿੱਚ ਜ਼ਿਲ੍ਹੇ ਦੀਆਂ ਵੱਖ-ਵੱਖ ਸਿੱਖਿਆ ਸੰਸਥਾਵਾਂ ਤੋਂ ਇਲਾਵਾ ਨੌਰਥ ਜ਼ਸਨ ਕਲਚਰ ਸੈਂਟਰ ਦੇ ਕਲਾਕਾਰਾਂ ਨੇ ਵੱਖ-ਵੱਖ ਸੂਬਿਆਂ ਦੇ ਸੱਭਿਆਚਾਰ ਨੂੰ ਪੇਸ਼ ਕਰਦੀਆਂ ਵੰਨਗੀਆਂ ਪੇਸ਼ ਕੀਤੀਆਂ। ਕਾਫਲੇ ਦਾ ਰਾਹ ਵਿੱਚ ਸ਼ਹਿਰ ਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕੀਤਾ ਗਿਆ ਅਤੇ ਥਾਂ-ਥਾਂ ਲੰਗਰ ਲਗਾਏ ਗਏ। ਕਾਫਲੇ ਦੇ ਦਰਬਾਰ ਗੰਜ ਪੁੱਜਣ ’ਤੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ‘ਵਿਰਾਸਤ-ਏ-ਕਾਫ਼ਲਾ’ ਵਿੱਚ ਲੋਕਾਂ ਨੂੰ ਵੱਖ-ਵੱਖ ਰਾਜਾਂ ਦੇ ਸੱਭਿਆਚਾਰ, ਪਹਿਰਾਵੇ ਬਾਰੇ ਵਿਲੱਖਣ ਪੇਸ਼ਕਾਰੀਆਂ ਦੇਖਣ ਨੂੰ ਮਿਲੀਆਂ। ਉਨ੍ਹਾਂ ਕਿਹਾ ਕਿ ਮਾਰਸ਼ਲ ਆਰਟ ਗਤਕਾ ਅਤੇ ਉੱਚ ਕੋਟੀ ਦੇ ਨਾਚਾਂ ਨਾਲ ਵੀ ਕਾਫਲੇ ਨੂੰ ਨਵੀਂ ਰੰਗਤ ਮਿਲੀ।
ਦਰਬਾਰ ਗੰਜ ਵਿਖੇ ਵੀ ਕਲਾਕਾਰਾਂ ਵੱਲੋਂ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ। ਦਰਬਾਰ ਗੰਜ ਦੇ ਮੈਦਾਨ ਵਿੱਚ ਸਜੇ ਵੱਡੇ ਪੰਡਾਲ ਵਿੱਚ ਨੌਰਥ ਜ਼ੋਨ ਕਲਚਰਲ ਸੈਂਟਰ, ਬ੍ਰਜਿੰਦਰਾ ਕਾਲਜ, ਯੂਨੀਵਰਸਿਟੀ ਕਾਲਜ ਆਫ ਨਰਸਿੰਗ, ਬਲਬੀਰ ਸਕੂਲ, ਖਾਲਸਾ ਸਕੂਲ, ਦਿੱਲੀ ਇੰਟਰਨੈਸ਼ਨਲ ਸਕੂਲ, ਨਿਊ ਮਾਡਲ ਸਕੂਲ, ਬਾਬਾ ਫਰੀਦ ਸਕੂਲ, ਮਹਾਤਮਾ ਗਾਂਧੀ ਆਦਿ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਲੋਕ ਨਾਚ ਗਿੱਧਾ, ਭੰਗੜਾ, ਮਲਵਈ ਗਿੱਧਾ ਆਦਿ ਵੰਨਗੀਆਂ ਪੇਸ਼ ਕਰ ਕੇ ਮੇਲੇ ਵਿੱਚ ਰੰਗ ਬੰਨ੍ਹਿਆ ਗਿਆ।