ਜਸਵੰਤ ਜੱਸ
ਫ਼ਰੀਦਕੋਟ, 21 ਜੁਲਾਈ
ਇਥੇ ਬਾਬਾ ਫ਼ਰੀਦ ਯੂਨੀਵਰਸਿਟੀ ਯੂਨਾਈਟਿਡ ਐਂਪਲਾਈਜ਼ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਸ਼ੁਰੂ ਕੀਤਾ, ਰੋਜ਼ਾਨਾ ਦੋ ਘੰਟੇ ਦਾ ਧਰਨਾ ਚੌਥੇ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਮੁਲਾਜ਼ਮ ਆਗੂ ਯਸ਼ਪਾਲ ਸਾਂਬਰੀਆ, ਆਸ਼ਾ ਰਾਣੀ, ਹਰਜਿੰਦਰ ਸਿੰਘ ਅਤੇ ਵਿਕਾਸ ਅਰੋੜਾ ਨੇ ਦੱਸਿਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਮੁਲਾਜ਼ਮਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਵਿੱਚ ਦੇਰੀ ਕਰ ਰਿਹਾ ਹੈ। ਇਸ ਕਾਰਨ ਮੁਲਾਜ਼ਮਾਂ ਨੇ ਰੋਸ ਵਿੱਚ ਦੋ ਘੰਟੇ ਨੂੰ ਪੂਰੇ ਦਿਨ ਦੇ ਧਰਨੇ ਵਿੱਚ ਬਦਲਣ ਦਾ ਫ਼ੈਸਲਾ ਕੀਤਾ ਸੀ ਪਰ ਅੱਜ ਧਰਨੇ ਵਿੱਚ ਆਏ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਭਰੋਸੇ ਤੋਂ ਬਾਅਦ ਪੂਰੇ ਦਿਨ ਦਾ ਧਰਨਾ ਮੁਲਤਵੀ ਕਰ ਕੇ ਫਿਰ ਦੋ ਘੰਟੇ ਕਰ ਦਿੱਤਾ ਹੈ। ਵਿਧਾਇਕ ਸੇਖੋਂ ਨੇ ਕਿਹਾ ਕਿ ਉਹ ਜਲਦ ਹੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਅਤੇ ਸਿਹਤ ਮੰਤਰੀ ਨਾਲ ਗੱਲ ਕਰ ਕੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਹੱਲ ਕਰਵਾਉਣਗੇ ਅਤੇ ਜੇ ਲੋੜ ਪਈ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਵੀ ਗੱਲ ਕਰਨਗੇ। ਇਸ ਮੌਕੇ ਰਿਚਾ ਛਾਬੜਾ, ਹਨੀ ਗੌਹਰ, ਸੰਜੀਵ ਹਾਂਡਾ, ਸਤਨਾਮ ਸਿੰਘ, ਲਖਵੀਰ ਸਿੰਘ, ਸਿਕੰਦਰ ਸਿੰਘ, ਵਿੱਕੀ ਕੁਮਾਰ, ਰਮਿੰਦਰ ਬਾਸਰਕੇ, ਬਲਜਿੰਦਰ ਕੋਕਰੀ ਆਦਿ ਨੇ ਵੀ ਸੰਬੋਧਨ ਕੀਤਾ।