ਪੱਤਰ ਪ੍ਰੇਰਕ
ਮਾਨਸਾ, 18 ਜਨਵਰੀ
ਪੰਜਾਬ ਕਿਸਾਨ ਯੂਨੀਅਨ ਵੱਲੋਂ ਇੱਕ ਕਿਸਾਨ ਨੂੰ ਸਾਰੀਆਂ ਕਿਸ਼ਤਾਂ ਭਰਨ ਦੇ ਬਾਵਜੂਦ ਕਲੀਅਰੈਂਸ ਸਰਟੀਫਿਕੇਟ ਨਾ ਦੇਣ ਦੇ ਵਿਰੋਧ ਵਜੋਂ ਅੱਜ ਇੱਥੇ ਮਹਿੰਦਰਾ ਐਂਡ ਮਹਿੰਦਰਾ ਫਾਇਨਾਂਸ ਕੰਪਨੀ ਬ੍ਰਾਂਚ ਮਾਨਸਾ ਦੇ ਵਿਰੋਧ ਵਿੱਚ ਧਰਨਾ ਦਿੱਤਾ ਗਿਆ। ਕਿਸਾਨ ਜਥੇਬੰਦੀ ਨੇ ਰੇਲਵੇ ਪਲੇਟਫਾਰਮ ’ਤੇ ਦਿੱਤੇ ਧਰਨੇ ’ਚ ਚਿਤਾਵਨੀ ਦਿੱਤੀ ਗਈ ਕਿ ਜੇਕਰ ਪੀੜਤ ਕਿਸਾਨ ਨੂੰ ਕਲੀਅਰੈਂਸ ਸਰਟੀਫਿਕੇਟ ਨਾ ਦਿੱਤਾ ਗਿਆ ਤਾਂ ਕੰਪਨੀ ਦੇ ਦਫ਼ਤਰ ਦਾ ਅਣਮਿਥੇ ਸਮੇਂ ਲਈ ਘਿਰਾਓ ਕੀਤਾ ਜਾਵੇਗਾ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਥਾਣਾ ਸਿਟੀ-1 ਦੇ ਪੁਲੀਸ ਅਧਿਕਾਰੀਆਂ ਵੱਲੋਂ ਵਿਸ਼ਵਾਸ ਦਿਵਾਉਣ ਤੋਂ ਬਾਅਦ ਕਿਸਾਨਾਂ ਨੇ ਜੇਤੂ ਰੈਲੀ ਕਰਕੇ ਧਰਨੇ ਦੀ ਸਮਾਪਤੀ ਕੀਤੀ। ਇਸ ਤੋਂ ਪਹਿਲਾਂ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਬਲਾਕ ਪ੍ਰਧਾਨ ਗੁਰਮੁਖ ਸਿੰਘ ਸੱਦਾ ਸਿੰਘ ਵਾਲਾ ਨੇ ਦੱਸਿਆ ਕਿ ਦਸੰਬਰ 2014 ਵਿੱਚ ਪਿੰਡ ਉਭਾ ਦੇ ਕਿਸਾਨ ਜਸਪਾਲ ਸਿੰਘ ਨੇ ਇੱਕ ਟਰੈਕਟਰ ਸਵਰਾਜ 855 ’ਤੇ ਕੰਪਨੀ ਤੋਂ ਲੋਨ ਲਿਆ ਸੀ, ਜਿਸ ਦੀਆਂ ਇਹ ਕਿਸਾਨ ਨਿਰਵਿਘਨ ਕਿਸ਼ਤਾਂ ਭਰਦਾ ਰਿਹਾ ਹੈ ਅਤੇ ਸਾਰਾ ਲੋਨ ਕਲੀਅਰ ਕਰ ਦਿੱਤਾ।
ਇਸ ਉਪਰੰਤ ਕਿਸਾਨ ਨੇ ਉਕਤ ਕੰਪਨੀ ਤੋਂ ਕਲੀਅਰੈਂਸ ਸਰਟੀਫਿਕੇਟ ਮੰਗਿਆ ਤਾਂ ਉਨ੍ਹਾਂ ਨੇ ਲੇਟ ਕਿਸ਼ਤਾਂ ਦਾ ਬਹਾਨਾ ਬਣਾਕੇ ਕਲੀਅਰੈਂਸ ਦੇਣ ਤੋਂ ਜਵਾਬ ਦੇ ਦਿੱਤਾ ਜਿਸ ਦੇ ਵਿਰੋਧ ’ਚ ਕਿਸਾਨ ਜਥੇਬੰਦੀ ਨੂੰ ਧਰਨਾ ਦੇਣਾ ਪਿਆ।