ਲਖਵੀਰ ਸਿੰਘ ਚੀਮਾ
ਟੱਲੇਵਾਲ, 27 ਨਵੰਬਰ
ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਦੇ ਅੰਨਦਾਤੇ ਵੱਲੋਂ ਸ਼ੁਰੂ ਕੀਤਾ ਸੰਘਰਸ਼ ਪੂਰੇ ਸਿਖ਼ਰ ’ਤੇ ਚੱਲ ਰਿਹਾ ਹੈ। ਸੰਘਰਸ਼ ਦੇ ਅਗਲੇ ਪੜਾਅ ਤਹਿਤ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਕਿਸਾਨਾਂ ਨੂੰ ਖੇਤੀ ਕਾਨੂੰਨ ਰੱਦ ਕਰਵਾਉਣ ਲਈ ‘ਦਿੱਲੀ ਚੱਲੋ’ ਦਾ ਸੱਦਾ ਦਿੱਤਾ ਗਿਆ ਸੀ। ਇਸ ਤਹਿਤ ਪੰਜਾਬ ਦੇ ਕਿਸਾਨਾਂ ਵੱਲੋਂ ਲੱਖਾਂ ਦਾ ਗਿਣਤੀ ’ਚ ਦਿੱਲੀ ਨੂੰ ਚਾਲੇ ਪਾ ਕੇ ਕੇਂਦਰ ਸਰਕਾਰ ਨੂੰ ਵੰਗਾਰ ਪਾਈ ਗਈ ਹੈ।
ਸੂਬੇ ’ਚੋਂ ਪਿੰਡਾਂ ਦੇ ਪਿੰਡ ਦਿੱਲੀ ਵੱਲ ਨੂੰ ਰਵਾਨਾ ਹੋਣ ਕਾਰਨ ਪਿੰਡਾਂ ’ਚ ਰੌਣਕ ਖ਼ਤਮ ਹੋ ਗਈ ਹੈ। ਪਿੰਡਾਂ ਦੀਆਂ ਸੱਥਾਂ ਬਿਲਕੁਲ ਖਾਲੀ ਹੋ ਗਈਆਂ ਹਨ। ਸੱਥਾਂ ਵਿੱਚ ਤਾਸ਼ ਖੇਡਣ ਵਾਲੇ ਬਾਬਿਆਂ, ਨੌਜਵਾਨਾਂ ਸਮੇਤ ਹਰ ਵਰਗ ਨੇ ਦਿੱਲੀ ਨੂੰ ਟਰਾਲੀਆਂ ’ਤੇ ਤੰਬੂ ਲਗਾ ਕੇ ਦਿੱਲੀ ਨੂੰ ਚਾਲੇ ਪਾਏ ਹਨ। ਇਸ ਕਾਰਨ ਸੱਥਾਂ ਸੁੰਨਸਾਨ ਹੋ ਚੁੱਕੀਆਂ ਹਨ। ਜਿਨ੍ਹਾਂ ਸੱਥਾਂ ’ਚ ਸਾਰਾ ਦਿਨ ਰੌਣਕ ਰਹਿੰਦੀ ਸੀ, ਉਹ ਹੁਣ ਖਾਲੀ ਹਨ। ਟੱਲੇਵਾਲ ਖ਼ੇਤਰ ਦੇ ਪਿੰਡ ਚੀਮਾ, ਟੱਲੇਵਾਲ, ਪੱਖੋਕੇ, ਮੱਲੀਆਂ, ਚੂੰਘਾਂ, ਭੋਤਨਾ, ਗਹਿਲ, ਦੀਵਾਨਾ ਅਤੇ ਸੱਦੋਵਾਲ ਵਿੱਚ ਸੱਥਾਂ ਬਿਲਕੁਲ ਖਾਲੀ ਹੋ ਚੁੱਕੀਆਂ ਹਨ। ਦਿੱਲੀ ਜਾਣ ਮੌਕੇ ਕਿਸਾਨਾਂ ਦੀ ਕੀਤੀ ਨਾਕਾਬੰਦੀ ਨੇ ਪਿੰਡਾਂ ਵਿੱਚ ਰਹਿੰਦੇ ਲੋਕਾਂ ’ਚ ਵੀ ਜੋਸ਼ ਭਰਿਆ ਹੈ, ਜਿਸ ਕਾਰਨ ਪਿੰਡਾਂ ’ਚ ਮੌਜੂਦ ਲੋਕ ਵੀ ਹੌਲੀ ਹੌਲੀ ਦਿੱਲੀ ਵੱਲ ਨੂੰ ਚਾਲੇ ਪਾ ਰਹੇ ਹਨ।
ਪਿੰਡ ਗਾਗੇਵਾਲ ’ਚ ਮੌਜੂਦ ਕਿਸਾਨ ਗੁਰਮੀਤ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨ ਪੰਜਾਬ ਦੀ ਖੇਤੀ ਅਤੇ ਕਿਸਾਨ ’ਤੇ ਕੇਂਦਰ ਸਰਕਾਰ ਦਾ ਆਖ਼ਰੀ ਵਾਰ ਹੈ ਜਿਸ ਨੂੰ ਰੱਦ ਕਰਵਾਉਣਾ ਜ਼ਰੂਰੀ ਹੈ। ਇਸੇ ਕਾਰਨ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਜਾਣ ਲਈ ਹਰ ਵਾਹ ਲਗਾਈ ਹੈ। ਭਲਕੇ ਉਹ ਵੀ ਆਪਣੇ ਸਾਥੀਆਂ ਸਮੇਤ ਵੱਡੀ ਗਿਣਤੀ ਵਿੱਚ ਦਿੱਲੀ ਨੂੰ ਰਵਾਨਾ ਹੋ ਰਹੇ ਹਨ।