ਪੱਤਰ ਪ੍ਰੇਰਕ
ਅਬੋਹਰ, 8 ਦਸੰਬਰ
ਨਵੀਂ ਆਬਾਦੀ ਖੇਤਰ ਵਿੱਚ 4 ਗੋਵੰਸ਼ ਦੀ ਭੇਤਭਰੀ ਹਾਲਤ ਵਿੱਚ ਮੌਤ ਹੋਣ ਕਾਰਨ ਪਸ਼ੂ ਪ੍ਰੇਮੀਆਂ ਵਿੱਚ ਰੋਸ ਹੈ। ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਕਿਸੇ ਮਾੜੇ ਅਨਸਰਾਂ ਨੇ ਪਸ਼ੂਆਂ ਤੋਂ ਰਾਹਤ ਪਾਉਣ ਲਈ ਕੋਈ ਜ਼ਹਿਰੀਲੀ ਵਸਤੂ ਖੁਆ ਕੇ ਮਾਰਿਆ ਹੋਵੇਗਾ। ਮ੍ਰਿਤ ਪਸ਼ੂਆਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਸੂਚਨਾ ਦਾ ਪਤਾ ਲੱਗਦੇ ਹੀ ਅੱਜ ਤੜਕੇ ਵਿਸ਼ਵ ਹਿੰਦੂ ਪਰਿਸ਼ਦ ਅਤੇ ਜੀਵ ਪ੍ਰੇਮੀਆਂ ਦਾ ਵਫ਼ਦ ਨਗਰ ਥਾਣਾ-2 ਦੇ ਮੁਖੀ ਨੂੰ ਮਿਲਿਆ। ਜਾਣਕਾਰੀ ਮੁਤਾਬਕ ਨਵੀਂ ਆਬਾਦੀ ਗਲੀ ਨੰਬਰ 9, 10, 11, 12 ਅਤੇ 14 ਵਿੱਚ 4 ਪਸ਼ੂ ਮ੍ਰਿਤ ਪਾਏ ਗਏ, ਜਿਸ ਕਾਰਨ ਆਲੇ-ਦੁਆਲੇ ਦੇ ਲੋਕਾਂ ਵਿੱਚ ਰੋਸ ਫੈਲ ਗਿਆ। ਲੋਕਾਂ ਨੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਜਿਸ ’ਤੇ ਨਗਰ ਥਾਣਾ-2 ਦੀ ਪੁਲੀਸ ਮੌਕੇ ’ਤੇ ਪੁੱਜੀ ਅਤੇ ਘਟਨਾ ਦਾ ਜਾਇਜ਼ਾ ਲਿਆ। ਵਿਸ਼ਵ ਹਿੰਦੂ ਪਰਿਸ਼ਦ ਦੇ ਲਲਿਤ ਸੋਨੀ, ਜ਼ਿਲ੍ਹਾ ਪ੍ਰਧਾਨ ਸੁਨੀਲ ਵੱਧਵ ਤੇ ਹੋਰ ਅੱਜ ਤੜਕੇ ਨਗਰ ਥਾਣਾ-2 ਵਿਖੇ ਪੁੱਜੇ। ਉਨ੍ਹਾਂ ਇਸ ਸਬੰਧੀ ਸ਼ਿਕਾਇਤ ਪੱਤਰ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਪਸ਼ੂਆਂ ਦੀ ਮੌਤ ਜ਼ਹਿਰ ਦੇਣ ਕਾਰਨ ਹੀ ਹੋਈ ਹੈ। ਇਸ ਦੇ ਪਿੱਛੇ ਜਿਨ੍ਹਾਂ ਲੋਕਾਂ ਦਾ ਵੀ ਹੱਥ ਹੈ ਉਨ੍ਹਾਂ ਦਾ ਪਤਾ ਲਗਾ ਕੇ ਕਰੜੀ ਕਾਰਵਾਈ ਕੀਤੀ ਜਾਵੇ। ਨਰਸੇਵਾ ਨਾਰਾਇਣ ਸੇਵਾ ਸਮਿਤੀ ਦੇ ਪ੍ਰਧਾਨ ਰਾਜੂ ਚਰਾਇਆ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ।