ਪੱਤਰ ਪ੍ਰੇਰਕ
ਬਠਿੰਡਾ, 28 ਅਗਸਤ
ਥਾਣਾ ਨੇਹੀਆਂਵਾਲਾ ਅੱਗੇ ਖੇਤ ਮਜ਼ਦੂਰ ਯੂਨੀਅਨ ਵੱਲੋਂ ਲਾਇਆ ਗਿਆ ਧਰਨਾ ਅੱਜ ਦੂਜੇ ਦਿੱਨ ਐੱਸਐੱਚਓ ਵੱਲੋਂ ਕਾਰਵਾਈ ਕੀਤੇ ਜਾਣ ਦੇ ਦਿੱਤੇ ਗਏ ਭਰੋਸੇ ਮਗਰੋਂ ਖਤਮ ਕਰ ਦਿੱਤਾ ਗਿਆ।
ਐੱਸਐੱਚਓ ਨਾਲ ਮੀਟਿੰਗ ਤੋਂ ਪਹਿਲਾਂ ਧਰਨੇ ਦੇ ਦੂਜੇ ਦਿਨ ਸ਼ਾਮਲ ਕਿਸਾਨਾਂ-ਮਜ਼ਦੂਰਾਂ ਨੂੰ ਸਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਮਨਦੀਪ ਸਿੰਘ ਸਬਿੀਆਂ ਨੇ ਕਿਹਾ ਕਿ ਇਨਕਲਾਬੀ ਗਾਇਕ ਜਗਸੀਰ ਸਿੰਘ ਜੀਦਾ ਦੇ ਖੇਤ ਨੂੰ ਜਾਂਦੇ ਰਾਹ ’ਤੇ ਪਾਣੀ ਬੰਦ ਕਰਨ ਵਾਲਿਆਂ ਖ਼ਿਲਾਫ਼ ਜਾਤੀ ਅੱਤਿਆਚਾਰ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਨਾ ਕਰਕੇ ਥਾਣਾ ਨੇਹੀਆਂਵਾਲਾ ਦੀ ਪੁਲੀਸ ਵੱਲੋਂ ਸ਼ਰ੍ਹੇਆਮ ਮੁਲਜ਼ਮਾਂ ਦਾ ਪੱਖ ਪੂਰਿਆ ਜਾ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਵੱਲੋਂ ਪੰਜਾਬ ਵਿੱਚ ਹੋਏ ਬਦਲਾਅ ਦੇ ਬਿਆਨਾਂ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਕਿਹਾ ਲੋਕਾਂ ਲਈ ਕੁਝ ਨਹੀਂ ਬਦਲਿਆ ਸਗੋਂ ਪਹਿਲਾਂ ਵਾਲਾ ਲੋਕ ਵਿਰੋਧੀ ਪ੍ਰਬੰਧ ਜਿਉਂ ਦਾ ਤਿਉਂ ਚੱਲ ਰਿਹਾ ਹੈ। ਧਰਨਾਕਾਰੀਆਂ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਹਰਪ੍ਰੀਤ ਸਿੰਘ ਦੀਨਾ, ਜਗਸੀਰ ਸਿੰਘ ਝੂੰਬਾ ਤੇ ਮਜ਼ਦੂਰ ਆਗੂ ਤੀਰਥ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਪਿੰਡਾਂ ਵਿਚਲੇ ਸਿਆਸਤਦਾਨ ਮਜ਼ਦੂਰਾਂ-ਕਿਸਾਨਾਂ ਲੜਵਾ ਕੇ ਸਰਕਾਰ ਵਿਰੁੱਧ ਚੱਲਦੇ ਸੰਘਰਸ਼ਾਂ ਨੂੰ ਲੀਹੋਂ ਲਾਉਣ ਦੇ ਯਤਨ ਕਰ ਰਹੇ ਹਨ। ਧਰਨੇ ਨੂੰ ਬਬਲੀ ਸਿੰਘ, ਸਵਰਨ ਸਿੰਘ ਮਹਿਮਾ, ਮਾੜਾ ਸਿੰਘ ਕਿਲੀ ਨਿਹਾਲ ਸਿੰਘ, ਹੰਸਾ ਸਿੰਘ ਕੋਠੇ ਨੱਥਾ ਸਿੰਘ ਵਾਲਾ, ਕੁਲਦੀਪ ਸਿੰਘ ਸਬਿੀਆਂ, ਖੇਤ ਮਜ਼ਦੂਰ ਸਭਾ ਦੇ ਆਗੂ ਸੁਰਜੀਤ ਸਿੰਘ ਤੇ ਕਾਕਾ ਸਿੰਘ ਜੀਦਾ ਆਦਿ ਆਗੂਆਂ ਨੇ ਵੀ ਸਬੋਧਨ ਕੀਤਾ।
ਇਸ ਮਗਰੋਂ ਥਾਣਾ ਨੇਹੀਆਂਵਾਲਾ ਦੇ ਐੱਸਐੱਚਓ ਬਲਕੌਰ ਸਿੰਘ ਵੱਲੋਂ ਮਜ਼ਦੂਰਾਂ ਕਿਸਾਨਾਂ ਦੇ ਵਫਦ ਨਾਲ ਮੀਟਿੰਗ ਕੀਤੀ ਗਈ। ਐੱਸਐੱਚਓ ਬਲਕੌਰ ਸਿੰਘ ਨੇ ਯੂਨੀਅਨ ਨੂੰ ਵਿਸ਼ਵਾਸ ਦਿਵਾਇਆ ਕਿ ਸਮੁੱਚੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਇਸ ਮਾਮਲੇ ਵਿਚ ਜੋ ਵੀ ਕਾਨੂੰਨ ਮੁਤਾਬਕ ਸਹੀ ਹੋਇਆ, ਕਾਰਵਾਈ ਕੀਤੀ ਜਾਵੇਗੀ। ਐੱਸਐੱਚਓ ਦੇ ਭਰੋਸੇ ਮਗਰੋਂ ਧਰਨਾਕਾਰੀਆਂ ਨੇ ਧਰਨਾ ਚੁੱਕ ਦਿੱਤਾ।