ਜਸਵੀਰ ਸਿੰਘ ਭੁੱਲਰ
ਦੋਦਾ, 16 ਸਤੰਬਰ
ਇਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਦੇ 10ਵੀਂ, 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀ ਰੋਜ਼ਾਨਾ ਸਕੂਲ ਲੱਗਿਆ ਹੋਣ ਦੇ ਬਾਵਜੂਦ ਕੰਧਾਂ ਟੱਪਦੇ ਹਨ। ਉੱਚੀਆਂ ਕੰਧਾਂ ਤੋ ਛਾਲਾਂ ਮਾਰਨ ਵੇਲੇ ਕਦੇ ਵੀ ਹਾਦਸਾ ਵਾਪਰ ਸਕਦਾ ਹੈ। ਇਹ ਵਰਤਾਰਾਂ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ, ਪਰ ਸਟਾਫ ਇਸ ਮਾਮਲੇ ਤੋਂ ਬੇਖਬਰ ਹੈ। ਅੱਜ ਅੱਧੀ ਛੁੱਟੀ ਉਪਰੰਤ ਸਕੂਲ ਲੱਗਿਆ ਹੋਇਆ ਸੀ ਪਰ ਦਰਜਨ ਤੋਂ ਵੱਧ ਵਿਦਿਆਰਥੀ ਕੰਧਾਂ ਤੋਂ ਛਾਲਾਂ ਮਾਰਦੇ ਨਜ਼ਰ ਆਏ। ਪ੍ਰਿੰਸੀਪਲ ਗੋਪਾਲ ਸਿੰਘ ਨੇ ਪਹਿਲਾਂ ਤਾਂ ਇਸ ਸਬੰਧੀ ਅਣਜਾਨਤਾ ਪ੍ਰਗਟ ਕੀਤੀ ਪਰ ਮਗਰੋਂ ਸਕੂਲੋਂ ਦੌੜਨ ਵਾਲੇ ਵਿਦਿਆਰਥੀਆਂ ਬਾਰੇ ਪੁੱਛਿਆ ਤਾਂ ਉਹ ਕੋਈ ਵੀ ਤਸੱਲੀਬਖਸ਼ ਜਵਾਬ ਨਾ ਦੇ ਸਕੇ। ਜਦ ਉਨਾਂ ਤੋਂ ਸਵੇਰ ਦੀ ਹਾਜ਼ਰੀ ਅਤੇ ਅੱਧੀ ਛੁੱਟੀ ਬਾਅਦ ਹਾਜ਼ਰ ਵਿਦਿਆਰਥੀਆਂ ਦੀ ਗਿਣਤੀ ਮੰਗੀ ਤਾਂ ਉਨਾਂ ਵੱਲੋਂ ਫੇਰ ਟਾਲਮਟੋਲ ਕੀਤਾ ਗਿਆ। ਉਥੇ ਆਸਪਾਸ ਤੇ ਲੋਕਾਂ ਨੇ ਵੀ ਦੱਸਿਆ ਕਿ ਇਹ ਵਰਤਾਰਾ ਹਰ ਰੋਜ਼ ਹੀ ਚੱਲਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਤੁਰੰਤ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਤੇ ਸਬੰਧਤ ਅਧਿਆਪਕਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।