ਦਵਿੰਦਰ ਮੋਹਨ ਬੇਦੀ
ਗਿੱਦੜਬਾਹਾ, 29 ਸਤੰਬਰ
ਇਕ ਪਾਸੇ ਸਰਕਾਰ ਵੱਲੋਂ ਆਮ ਆਦਮੀ ਕਲੀਨਿਕਾਂ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਉੱਥੇ ਹੀ ਭਗਵੰਤ ਮਾਨ ਦਾ ਇਹ ਡ੍ਰੀਮ ਪ੍ਰਾਜੈਕਟ ਦਮ ਤੋੜਦਾ ਨਜ਼ਰ ਆ ਰਿਹਾ ਹੈ ਜਿਸ ਦੀ ਤਾਜ਼ਾ ਮਿਸਾਲ ਹਲਕਾ ਗਿੱਦੜਬਾਹਾ ਦੇ ਪਿੰਡ ਭੂੰਦੜ ਦੇ ਆਮ ਆਦਮੀ ਕਲੀਨਿਕ ਤੋਂ ਮਿਲਦੀ ਹੈ। ਜਿੱਥੇ 15 ਅਗਸਤ ਨੂੰ ਆਮ ਆਦਮੀ ਕਲੀਨਿਕ ਦਾ ਉਦਘਾਟਨ ਦੋ-ਦੋ ਆਪ ਆਗੂਆਂ ਵੱਲੋਂ ਕੀਤਾ ਗਿਆ ਸੀ ਅਤੇ ਇਸ ਦਾ ਪ੍ਰਚਾਰ ਵੀ ਜ਼ੋਰ ਸ਼ੋਰ ਨਾਲ ਕੀਤਾ ਗਿਆ ਪਰ ਉਦਘਾਟਨ ਦੇ ਕੁਝ ਦਿਨਾਂ ਬਾਅਦ ਹੀ ਇੱਥੇ ਤਾਇਨਾਤ ਮੈਡੀਕਲ ਅਫ਼ਸਰ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਇਸ ਦੀ ਹਾਲਤ ਕੋਹ ਨਾ ਚੱਲੀ ਬਾਬਾ ਤਿਹਾਈ ਵਾਲ਼ੀ ਬਣੀ ਹੋਈ ਹੈ। ਇਸ ਦੇ ਚੱਲਦਿਆਂ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼ਨੀ ਸਿੰਘ, ਪ੍ਰਲਾਦ ਸਿੰਘ, ਬਲਤੇਜ ਸਿੰਘ ਆਦਿ ਨੇ ਦੱਸਿਆ ਕਿ ਮੁਹੱਲਾ ਕਲੀਨਿਕ ਵਿਚ ਡਾਕਟਰ ਨਾ ਹੋਣ ਕਾਰਨ ਇੱਥੇ ਦਵਾਈ ਨਹੀਂ ਮਿਲ ਰਹੀ, ਜਿਸ ਕਰਕੇ ਸਾਨੂੰ ਪ੍ਰਾਈਵੇਟ ਹਸਪਤਾਲਾਂ ਤੋਂ ਮਹਿੰਗਾ ਇਲਾਜ ਕਰਵਾਉਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੈਡੀਕਲ ਅਫਸਰ ਦੀ ਗੈਰਹਾਜ਼ਰੀ ਵਿਚ ਫਰਮਾਸਿਸਟ ਵੱਲੋਂ ਸਿਰਫ਼ ਉਨ੍ਹਾਂ ਮਰੀਜ਼ਾਂ ਨੂੰ ਦਵਾਈ ਦਿੱਤੀ ਜਾ ਰਹੀ ਹੈ ਜਿਨ੍ਹਾਂ ਨੂੰ ਡਾਕਟਰ ਵੱਲੋਂ ਪਹਿਲਾਂ ਤੋਂ ਦਵਾਈ ਲਈ ਲਿਖਿਆ ਹੋਇਆ ਜਦਕਿ ਹੁਣ ਕੋਈ ਵੀ ਨਵੀਂ ਪਰਚੀ ਨਹੀਂ ਕੱਟੀ ਜਾ ਰਹੀ ਅਤੇ ਨਾ ਹੀ ਨਵੇਂ ਮਰੀਜ਼ਾਂ ਨੂੰ ਦੇਖਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਟੈਸਟ ਵਗੈਰਾ ਵੀ ਨਹੀਂ ਹੋ ਰਹੇ। ਉਨ੍ਹਾਂ ਮੰਗ ਕੀਤੀ ਕਿ ਛੇਤੀ ਨਵੇਂ ਡਾਕਟਰ ਦੀ ਨਿਯੁਕਤੀ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਸਮੇਂ ਸਿਰ ਇਲਾਜ ਦੀ ਸਹੂਲਤ ਮਿਲ ਸਕੇ।
ਉੱਧਰ ਫਰਮਾਸਿਸਟ ਮਨਦੀਪ ਕੌਰ ਨੇ ਦੱਸਿਆ ਕਿ ਮੈਡੀਕਲ ਅਫਸਰ ਅਲਵਿਸ਼ ਜਿੰਦਲ ਅਸਤੀਫਾ ਦੇ ਗਏ ਸਨ, ਜਿਸ ਕਰਕੇ ਹੁਣ ਇੱਥੇ ਕੋਈ ਡਾਕਟਰ ਮੌਜੂਦ ਨਹੀਂ। ਇਸ ਸਬੰਧੀ ਜਦੋਂ ਐਸਐਮਓ ਦੋਦਾ ਦੀਪਕ ਰਾਏ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੈਡੀਕਲ ਅਫਸਰ ਅਲਵਿਸ਼ ਜਿੰਦਲ ਦੇ ਅਸਤੀਫੇ ਤੋਂ ਬਾਅਦ ਆਮ ਆਦਮੀ ਕਲੀਨਿਕ ਵਿਚ ਮਰੀਜ਼ ਨਹੀਂ ਵੇਖੇ ਜਾ ਰਹੇ ਸਿਰਫ ਐਮਰਜੈਂਸੀ ਮਰੀਜ਼ ਦੇਖੇ ਜਾ ਰਹੇ ਹਨ। ਉਨ੍ਹਾਂ ਦੱਸਿਆ ਇਸ ਸਬੰਧ ਵਿਚ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਮਾਮਲਾ ਲਿਆ ਦਿੱਤਾ ਅਤੇ ਜਲਦ ਸਮੱਸਿਆ ਦਾ ਹੱਲ ਹੋ ਜਾਵੇਗਾ।