ਪੱਤਰ ਪ੍ਰੇਰਕ
ਮਾਨਸਾ, 11 ਸਤੰਬਰ
ਮਾਲਵਾ ਖੇਤਰ ਵਿੱਚ ਖੇਤਾਂ ਦਾ ਦੌਰਾ ਕਰਨ ਤੋਂ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਅਤੇ ਖੇਤੀਬਾੜੀ ਮਹਿਕਮੇ ਦੇ ਮਾਹਿਰਾਂ ਨੇ ਨਰਮਾ ਉਤਪਾਦਕਾਂ ਨੂੰ ਸਲਾਹ ਦਿੱਤੀ ਹੈ ਕਿ ਹਾਲੇ ਨਰਮੇ ਦੀ ਫ਼ਸਲ ’ਤੇ ਕਿਸੇ ਕਿਸਮ ਦੀ ਸਪਰੇਅ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਨਰਮੇ ਦੀ ਫ਼ਸਲ ਨੂੰ ਪਾਣੀ ਦੀ ਘਾਟ ਨਾ ਆਉਣ ਦੇਣ ਅਤੇ ਇਹ ਘਾਟ ਨਰਮੇ ਦੇ ਝਾੜ ਉੱਤੇ ਮਾੜਾ ਅਸਰ ਪਾ ਸਕਦੀ ਹੈ।
ਸਥਾਨਕ ਖੇਤੀਬਾੜੀ ਦਫ਼ਤਰ ਦੇ ਮੁੱਖ ਅਫ਼ਸਰ ਡਾ. ਮਨਜੀਤ ਸਿੰਘ ਨੇ ਜ਼ਿਲ੍ਹੇ ਵਿਚਲੇ ਖੇਤਾਂ ਦਾ ਦੌਰਾ ਕਰਨ ਤੋਂ ਪਿੱਛੋਂ ਦੱਸਿਆ ਕਿ ਇਸ ਸਮੇਂ ਕਿਸਾਨਾਂ ਨੂੰ ਜਿੰਨਾ ਕੀੜੇ, ਪਤੰਗਿਆਂ ਤੇ ਸੁੰਡੀਆਂ ਤੋਂ ਫ਼ਸਲ ਨੂੰ ਬਚਾਅ ਕੇ ਰੱਖਣਾ ਜ਼ਰੂਰੀ ਹੈ, ਓਨਾ ਹੀ ਲਗਾਤਾਰ ਪਾਣੀ ਦਿੰਦੇ ਰਹਿਣਾ ਵੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਨਰਮੇ ਦੇ ਬੀ.ਟੀ. ਕਾਟਨ ਬੀਜ ਲਈ ਲੋੜੀਂਦੀ ਖਾਦ ਦੀ ਘਾਟ ਬਿਲਕੁਲ ਨਹੀਂ ਆਉਣ ਦੇਣੀ ਚਾਹੀਦੀ। ਉਨ੍ਹਾਂ ਕਿਹਾ ਕਿ ਕਿਸਾਨ 2 ਫੀਸਦ ਪੋਟਾਸ਼ੀਅਮ ਨਾਈਟਰੇਟ ਦਾ ਘੋਲ 100 ਲਿਟਰ ਪਾਣੀ ਵਿਚ ਪਾ ਕੇ ਫ਼ਸਲ ’ਤੇ ਛਿੜਕਾਅ ਜ਼ਰੂਰ ਕਰਨ। ਜ਼ਿਕਰਯੋਗ ਹੈ ਕਿ ਮਾਨਸਾ ਖੇਤਰ ਦੇ ਦੌਰੇ ਦੌਰਾਨ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਨੇ ਵੇਖਿਆ ਕਿ ਨਰਮੇ ਪੱਟੀ ਦੇ ਕਿਸਾਨਾਂ ਨੂੰ ਬੀ.ਟੀ ਕਾਟਨ ’ਤੇ ਯੂਰੀਆ ਖਾਦ ਦੀ ਆਖਰੀ ਕਿਸ਼ਤ ਖਿਲਾਰਨ ਦਾ ਇਸ ਵੇਲੇ ਢੁੱਕਵਾਂ ਸਮਾਂ ਹੈ। ਡਾ. ਮਨੋਜ਼ ਕੁਮਾਰ ਦਾ ਕਹਿਣਾ ਕਿ ਬੀ.ਟੀ ਕਾਟਨ ਲਈ 130 ਕਿਲੋ ਯੂਰੀਆ ਖਾਦ ਸਿਫ਼ਾਰਸ਼ ਕੀਤੀ ਗਈ ਹੈ।
ਖੇਤੀ ਵਿਗਿਆਨੀਆਂ ਨੇ ਕਿਸਾਨ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਮਹਿਕਮੇ ਤੋਂ ਬਿਨਾਂ ਹੋਰ ਕਿਸੇ ਵੀ ਏਜੰਟ ਜਾਂ ਡੀਲਰ ਦੀ ਸਲਾਹ ਨਾਲ ਕਿਸੇ ਕਿਸਮ ਦੀ ਕੋਈ ਖਾਦ ਖੇਤਾਂ ਵਿੱਚ ਨਾ ਖਿਲਾਰਨ ਅਤੇ ਨਾ ਹੀ ਕਿਸੇ ਦਵਾਈ ਦਾ ਛਿੜਕਾਅ ਕੀਤਾ ਜਾਵੇ।